ਨਵੀਂ ਦਿੱਲੀ, ਪੀਟੀਆਈ : ਮੋਬਾਈਲ ਐਪ ਆਧਾਰਤ ਕੈਬ ਸਰਵਿਸ ਮੁਹੱਈਆ ਕਰਵਾਉਣ ਵਾਲੀ ਅਮਰੀਕੀ ਦਿੱਗਜ ਉਬਰ ਇੰਕ ਬ੍ਰਿਟੇਨ 'ਚ ਆਪਣੇ ਡਰਾਈਵਰਾਂ ਦੇ ਨਾਲ ਚੱਲ ਰਿਹਾ ਇਕ ਮੁਕੱਦਮਾ ਹਾਰ ਗਈ ਹੈ। ਅਜਿਹੇ ਵਿਚ ਉਹ ਹੁਣ ਬ੍ਰਿਟੇਨ 'ਚ ਆਪਣੇ ਡਰਾਈਵਰਾਂ ਨੂੰ 'ਸੈਲਫ ਇੰਪਲਾਈਡ' ਯਾਨੀ ਸਵੈ-ਰੁਜ਼ਗਾਰ ਦੀ ਸ਼੍ਰੇਣੀ 'ਚ ਨਹੀਂ ਰੱਖ ਸਕੇਗੀ। ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਸ ਨੂੰ ਆਪਣੇ ਡਰਾਈਵਰਾਂ ਨੂੰ ਕੰਪਨੀ ਦਾ ਮੁਲਾਜ਼ਮ ਮੰਨਣਾ ਪਵੇਗਾ।

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਬਰ ਨੂੰ ਆਪਣੇ ਡਰਾਈਵਰਾਂ ਨੂੰ ਘੱਟੋ-ਘੱਟ ਤਨਖ਼ਾਹ, ਬਿਮਾਰ ਰਹਿਣ ਦੌਰਾਨ ਤਨਖ਼ਾਹ ਭੁਗਤਾਨ ਤੇ ਛੁੱਟੀਆਂ ਵਰਗੀਆਂ ਸਹੂਲਤਾਂ ਦੇਣੀਆਂ ਪੈਣਗੀਆਂ। ਕੋਰਟ ਨੇ ਇਸ ਫ਼ੈਸਲੇ ਨਾਲ ਦੁਨੀਆ ਭਰ 'ਚ ਕੰਪਨੀ ਨੂੰ ਆਪਣੇ ਡਰਾਈਵਰਾਂ ਦੇ ਨਾਲ ਬਰਾਬਰ ਵਿਵਹਾਰ ਕਰਨ ਦਾ ਦਬਾਅ ਵਧੇਗਾ।

ਉਬਰ ਦੇ ਕੁਝ ਡਰਾਈਵਰਾਂ ਨੇ ਕੰਪਨੀ ਸਾਹਮਣੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸਵੈ-ਰੁਜ਼ਗਾਰਕਰਤਾ ਨਹੀਂ, ਬਲਕਿ ਮੁਲਾਜ਼ਮ ਮੰਨਿਆ ਜਾਵੇ। ਉਨ੍ਹਾਂ ਨੂੰ ਬ੍ਰਿਟੇਨ ਦੇ ਕਾਨੂੰਨ ਤਹਿਤ ਉਹ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ ਜਿਹੜੀਆਂ ਮੁਲਾਜ਼ਮਾਂ ਲਈ ਹਨ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਉਬਰ ਦੇ ਡਰਾਈਵਰ ਜਦੋਂ ਤਕ ਮੋਬਾਈਲ ਐਪ 'ਤੇ ਸਰਗਰਮ ਰਹਿੰਦੇ ਹਨ, ਉਦੋਂ ਤਕ ਲਈ ਕੰਪਨੀ ਨੂੰ ਉਨ੍ਹਾਂ ਨੂੰ ਮੁਲਾਜ਼ਮ ਹੀ ਮੰਨਣਾ ਪਵੇਗਾ।

ਜ਼ਿਕਰਯੋਗ ਹੈ ਕਿ ਉਬਰ ਤੇ ਡਰਾਈਵਰਾਂ ਦੇ ਇਕ ਗਰੁੱਪ ਵਿਚਕਾਰ ਬੀਤੇ ਪੰਜ ਸਾਲਾਂ ਤੋਂ ਇਸ ਮੁੱਦੇ 'ਤੇ ਕਾਨੂੰਨੀ ਲੜਾਈ ਚੱਲ ਰਹੀ ਸੀ। ਇਸ ਤੋਂ ਪਹਿਲਾਂ ਬ੍ਰਿਟੇਨ ਦੇ Employment Tribunal, Employment Appellate Tribunal and Appellate Court ਨੇ ਵੀ ਇਸ ਮਾਮਲੇ 'ਚ ਉਬਰ ਦੇ ਡਰਾਈਵਰਾਂ ਦੇ ਹੱਕ ਨੂੰ ਸਹੀ ਠਹਿਰਾਇਆ ਹੈ। ਅਦਾਲਤ ਦੇ ਇਸ ਫ਼ੈਸਲੇ ਦਾ ਦੁਨੀਆ ਭਰ ਵਿਚ ਉਬਰ ਦੇ ਕਾਰੋਬਾਰ 'ਤੇ ਵੱਡਾ ਅਸਰ ਹੋ ਸਕਦਾ ਹੈ। ਫ਼ੈਸਲੇ ਤੋਂ ਬਾਅਦ ਪ੍ਰੀ ਮਾਰਕੀਟ ਟਰੇਡਿੰਗ 'ਚ ਉਬਰ ਦੇ ਸ਼ੇਅਰਾਂ 'ਚ ਇਕ ਫ਼ੀਸਦ ਦੀ ਗਿਰਾਵਟ ਆਈ।

Posted By: Seema Anand