ਲੰਡਨ (ਰਾਇਟਰ) : ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਮਾਹਿਰ ਪੈਨਲ ਦੀ ਰਿਪੋਰਟ ਦੇ ਆਧਾਰ 'ਤੇ ਪੋਲੀਓ ਵਾਇਰਸ ਦੀ ਇਕ ਹੋਰ ਕਿਸਮ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਦਾ ਐਲਾਨ ਕੀਤਾ ਹੈ। ਇਸ ਉਪਲਬਧੀ ਨੂੰ ਇਤਿਹਾਸਕ ਦੱਸਦਿਆਂ ਡਬਲਿਊਐੱਚਓ ਨੇ ਛੇਤੀ ਹੀ ਦੁਨੀਆ ਦੇ ਪੋਲੀਓ ਮੁਕਤ ਹੋਣ ਦੀ ਉਮੀਦ ਪ੍ਰਗਟਾਈ ਹੈ। ਡਬਲਿਊਐੱਚਓ ਪੋਲੀਓ ਵਾਇਰਸ ਨੂੰ ਦੋ ਵਰਗਾਂ 'ਚ ਰੱਖਦਾ ਹੈ। ਇਨ੍ਹਾਂ 'ਚੋਂ ਇਕ ਵਾਈਲਡ ਪੋਲੀਓ ਵਾਇਰਸ ਹੈ ਤੇ ਦੂਜਾ ਨਾਨ ਵਾਈਲਡ ਪੋਲੀਓ ਵਾਇਰਸ। ਘਾਤਕ ਵਾਈਲਡ ਪੋਲੀਓ ਵਾਇਰਸ ਵੀ ਤਿੰਨ ਤਰ੍ਹਾਂ ਦਾ ਹੈ। ਇਨ੍ਹਾਂ 'ਚੋਂ ਹੁਣ ਦੋ ਦਾ ਖ਼ਾਤਮਾ ਹੋ ਚੁੱਕਾ ਹੈ।

ਗਲੋਬਲ ਕਮਿਸ਼ਨ ਫਾਰ ਦਿ ਸਰਟੀਫਿਕੇਸ਼ਨ ਆਫ ਪੋਲੀਓ ਇਰੈਡਿਕੇਸ਼ਨ ਨੇ ਪਿਛਲੇ ਹਫ਼ਤੇ ਵਾਈਲਡ ਪੋਲੀਓ ਵਾਇਰਸ ਟਾਈਪ-3 (ਡਬਲਿਊਪੀਵੀ-3) 'ਤੇ ਪੂਰੀ ਤਰ੍ਹਾਂ ਕਾਬੂ ਪਾਏ ਜਾਣ ਦੀ ਜਾਣਕਾਰੀ ਦਿੱਤੀ ਸੀ। ਇਸ ਵਾਇਰਸ ਦੇ ਸੰਕ੍ਮਣ ਦਾ ਆਖ਼ਰੀ ਮਾਮਲਾ 2012 'ਚ ਨਾਈਜੀਰੀਆ 'ਚ ਸਾਹਮਣੇ ਆਇਆ ਸੀ। ਡਬਲਿਊਐੱਚਓ ਮੁਤਾਬਕ, ਡਬਲਿਊਪੀਵੀ-2 ਦਾ ਖ਼ਾਤਮਾ 2015 'ਚ ਹੀ ਹੋ ਗਿਆ ਸੀ। ਪਰ ਡਬਲਿਊਪੀਵੀ-1 ਦੇ ਸੰਕ੍ਰਮਣ ਦੇ ਮਾਮਲੇ ਅਫ਼ਗਾਨਿਸਤਾਨ ਤੇ ਪਾਕਿਸਤਾਨ 'ਚ ਹਾਲੇ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਤਿੰਨਾਂ ਹੀ ਤਰ੍ਹਾਂ ਦੇ ਵਾਇਰਸ ਨਾਲ ਲਕਵਾ ਤੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਨਾਨ-ਵਾਈਲਡ ਫਾਰਮਸ ਆਫ ਪੋਲੀਓ ਦੇ ਮਾਮਲੇ ਅਕਸਰ ਅਫ਼ਰੀਕਾ ਤੇ ਏਸ਼ੀਆ 'ਚ ਵੇਖੇ ਜਾਂਦੇ ਹਨ। ਕਰੀਬ ਦੋ ਦਹਾਕਿਆਂ ਬਾਅਦ ਪਿਛਲੇ ਮਹੀਨੇ ਫਿਲਪੀਨ 'ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਵਿਆਪਕ ਟੀਕਾਕਰਨ ਮੁਹਿੰਮ ਚਲਾਈ ਗਈ। ਨਾਨ-ਵਾਈਲਡ ਫਾਰਮਸ ਆਫ ਪੋਲੀਓ ਨੂੰ ਵੈਕਸੀਨ ਡੇਰਾਈਵਡ ਪੋਲੀਓ ਵੀ ਕਹਿੰਦੇ ਹਨ।