ਲੰਡਨ (ਪੀਟੀਆਈ) : ਬਰਤਾਨੀਆ 'ਚ ਭਾਰਤੀ ਮੂਲ ਦੇ ਦੋ ਭਰਾ ਲੱਖਾਂ ਪੌਂਡ ਦੀ ਡਰੱਗਸ ਸਮੱਗਲਿੰਗ 'ਚ ਦੋਸ਼ੀ ਪਾਏ ਗਏ ਹਨ। ਇਹ ਭਰਾ ਦੋ ਮੁਸਲਮਾਨਾਂ ਵਸੀਮ ਹੁਸੈਨ ਤੇ ਨਜ਼ਰਤ ਹੁਸੈਨ ਨਾਲ ਮਿਲ ਕੇ ਨੀਦਰਲੈਂਡਸ ਤੋਂ ਮੁਰਗਿਆਂ ਦੀ ਸਪਲਾਈ 'ਚ ਹੈਰੋਇਨ ਤੇ ਕੋਕੀਨ ਮੰਗਵਾ ਕੇ ਦੇਸ਼ ਵਿਚ ਸਪਲਾਈ ਕਰਦੇ ਸਨ।

ਮਨਜਿੰਦਰ ਸਿੰਘ ਤੱਖਰ ਅਤੇ ਦਵਿੰਦਰ ਸਿੰਘ ਤੱਖਰ ਦੀ ਯੂਕੇ ਨੈਸ਼ਨਲ ਕ੍ਰਾਈਮ ਏਜੰਸੀ (ਐੱਨਸੀਏ) ਵੱਲੋਂ ਗਿ੍ਫ਼ਤਾਰੀ ਪਿੱਛੋਂ ਉਨ੍ਹਾਂ 'ਤੇ ਦੋਸ਼ ਤੈਅ ਕੀਤੇ ਗਏ ਹਨ। ਇਨ੍ਹਾਂ ਨੂੰ ਅਗਲੇ ਸਾਲ ਜਨਵਰੀ ਮਹੀਨੇ 'ਚ ਸਜ਼ਾ ਸੁਣਾਈ ਜਾਏਗੀ। ਡਰੱਗਸ ਸਮੱਗਲਿੰਗ ਦੇ ਇਸ ਧੰਦੇ ਵਿਚ ਲੱਗੇ ਦੋ ਮੁੱਖ ਦੋਸ਼ੀ ਵਸੀਮ ਹੁਸੈਨ ਅਤੇ ਨਜ਼ਰਤ ਹੁਸੈਨ ਨੂੰ ਬਰਮਿੰਘਮ ਅਦਾਲਤ ਨੇ ਇਸ ਹਫ਼ਤੇ 44 ਸਾਲ ਦੀ ਸਜ਼ਾ ਸੁਣਾਈ ਹੈ।

ਐੱਨਸੀਏ ਬਰਾਂਚ ਦੇ ਓਪਰੇਸ਼ਨਜ਼ ਮੈਨੇਜਰ ਕੋਲਿਨ ਵਿਲੀਅਮਜ਼ ਨੇ ਦੱਸਿਆ ਕਿ ਅਸੀਂ ਤਿੰਨ ਸਾਲ ਦੀ ਬਾਰੀਕੀ ਨਾਲ ਜਾਂਚ ਪਿੱਛੋਂ ਕਲਾਸ-ਏ ਡਰੱਗਸ ਸਮੱਗਲਿੰਗ ਦੇ ਇਸ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਹ ਗਰੁੱਪ ਕੇਵਲ ਡਰੱਗਸ ਸਮੱਗਲਿੰਗ 'ਚ ਹੀ ਨਹੀਂ ਲੱਗਾ ਸੀ ਸਗੋਂ ਇਹ ਨਾਜਾਇਜ਼ ਹਥਿਆਰ ਮੰਗਵਾ ਕੇ ਵੀ ਦੇਸ਼ ਵਿਚ ਸਪਲਾਈ ਕਰਦਾ ਸੀ ਜਿਨ੍ਹਾਂ ਨੂੰ ਵਰਤ ਕੇ ਸਮਾਜ ਵਿਰੋਧੀ ਅਨਸਰ ਲੁੱਟਾਖੋਹਾਂ ਕਰਦੇ ਸਨ। ਕੋਲਿਨ ਨੇ ਦੱਸਿਆ ਕਿ ਜੂਨ 2016 ਤੋਂ 2017 ਦਰਮਿਆਨ ਤਿੰਨ ਵਾਰ 50 ਲੱਖ ਪੌਂਡ ਦੀ ਹੈਰੋਇਨ ਅਤੇ ਕੋਕੀਨ ਵਿਦੇਸ਼ ਤੋਂ ਆਏ ਮੁਰਗਿਆਂ ਵਿਚੋਂ ਬਰਾਮਦ ਕੀਤੀ ਗਈ ਸੀ। ਇਹ ਹੈਰੋਇਨ ਮੁਰਗਿਆਂ ਵਿਚ ਲੁਕੋ ਕੇ ਲਿਆਂਦੀ ਗਈ ਸੀ। ਮੁਰਗਿਆਂ ਦੀ ਸਪਲਾਈ ਲਈ ਨਜ਼ਰਤ ਹੁਸੈਨ ਲਗਾਤਾਰ ਨੀਦਰਲੈਂਡਸ ਦਾ ਦੌਰਾ ਕਰ ਰਿਹਾ ਸੀ ਤੇ ਹੈਰੋਇਨ ਤੇ ਕੋਕੀਨ ਦੀ ਸਪਲਾਈ ਵੀ ਨਾਲ ਹੀ ਆ ਰਹੀ ਸੀ। ਜਦੋਂ ਸਰਕਾਰੀ ਏਜੰਸੀਆਂ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਸਬੰਧਿਤ ਧਿਰਾਂ ਨੇ ਨਾਂ ਬਦਲ ਕੇ ਕਾਰੋਬਾਰ ਸ਼ੁਰੂ ਕਰ ਦਿੱਤਾ। ਐੱਨਸੀਏ ਨੇ ਜਦੋਂ ਇਸ ਮਾਮਲੇ ਵਿਚ ਵਸੀਮ ਹੁਸੈਨ ਨੂੰ ਗਿ੍ਫ਼ਤਾਰ ਕੀਤਾ ਤਾਂ ਉਸ ਸਮੇਂ ਨਜ਼ਰਤ ਹੁਸੈਨ ਨੀਦਰਲੈਂਡਸ 'ਚ ਸੀ ਜਿਸ ਨੂੰ ਡੱਚ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਯੂਕੇ ਪੁਲਿਸ ਦੇ ਹਵਾਲੇ ਕਰ ਦਿੱਤਾ।