ਲੰਡਨ (ਏਜੰਸੀਆਂ) : ਬਿ੍ਟੇਨ ਦੀ ਰਾਜਧਾਨੀ ਲੰਡਨ ਤੋਂ 65 ਕਿਲੋਮੀਟਰ ਦੂਰ ਸਥਿਤ ਰੀਡਿੰਗ ਸ਼ਹਿਰ ਦੇ ਇਕ ਪਾਰਕ ਵਿਚ ਚਾਕੂਬਾਜ਼ੀ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਜਿੱਥੇ ਮੌਤ ਹੋ ਗਈ ਉੱਥੇ ਕਈ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਨੇ ਹਮਲੇ ਦੇ ਦੋਸ਼ੀ 29 ਸਾਲਾਂ ਦੇ ਇਕ ਲੀਬੀਆ ਦੇ ਨਾਗਰਿਕ ਨੂੰ ਗਿ੍ਫ਼ਤਾਰ ਕਰ ਲਿਆ ਹੈ। ਸ਼ੁਰੂਆਤ ਵਿਚ ਸਥਾਨਕ ਟੇਮਜ਼ ਵੈੇਲੀ ਪੁਲਿਸ ਨੇ ਇਸ ਹੱਤਿਆ ਕਾਂਡ ਦੀ ਜਾਂਚ ਸ਼ੁਰੂ ਕੀਤੀ ਸੀ ਪ੍ਰੰਤੂ ਐਤਵਾਰ ਸਵੇਰੇ ਉਸ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਹਮਲੇ ਨੂੰ ਅੱਤਵਾਦੀ ਘਟਨਾ ਮੰਨਿਆ ਗਿਆ ਹੈ ਅਤੇ ਇਸ ਲਈ ਹੁਣ ਇਸ ਦੀ ਜਾਂਚ ਅੱਤਵਾਦ ਰੋਕੂ ਪੁਲਿਸ ਟੀਮ ਨੂੰ ਤਬਦੀਲ ਕਰ ਦਿੱਤੀ ਗਈ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ ਇਕ ਚਸ਼ਮਦੀਦ ਲਾਰੇਂਸ ਵੋਰਟ ਨੇ ਦੱਸਿਆ ਕਿ ਹਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਇਕ ਆਦਮੀ ਲਗਪਗ ਅੱਠ ਤੋਂ 10 ਦੋਸਤਾਂ ਦੇ ਇਕ ਸਮੂਹ ਵੱਲ ਵਧਿਆ ਅਤੇ ਉਨ੍ਹਾਂ ਨੂੰ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਹਫੜਾ-ਤਫੜੀ ਮੱਚ ਗਈ ਅਤੇ ਲੋਕ ਘਟਨਾ ਵਾਲੀ ਥਾਂ ਤੋਂ ਭੱਜਣ ਲੱਗੇ ਤਾਂ ਹਮਲਾਵਰ ਵੀ ਪਾਰਕ ਤੋਂ ਭੱਜ ਗਿਆ। ਡਿਟੈਕਟਿਵ ਚੀਫ ਸੁਪਰਡੈਂਟ ਇਆਨ ਹੰਟਰ ਨੇ ਕਿਹਾ ਹੈ ਕਿ ਫਿਲਹਾਲ ਜਨਤਾ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਪ੍ਰੰਤੂ ਅਸੀਂ ਚੌਕਸ ਹਾਂ ਅਤੇ ਜਨਤਾ ਨੂੰ ਕਿਸੇ ਵੀ ਸ਼ੱਕੀ ਘਟਨਾ 'ਤੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਇਸ ਭਿਆਨਕ ਘਟਨਾ ਤੋਂ ਪ੍ਰਭਾਵਿਤ ਲੋਕਾਂ ਨਾਲ ਮੇਰੀ ਪੂਰੀ ਹਮਦਰਦੀ ਹੈ ਅਤੇ ਮੌਕੇ 'ਤੇ ਹੰਗਾਮੀ ਸੇਵਾਵਾਂ ਦੇਣ ਵਾਲੇ ਸਿਹਤ ਕਰਮਚਾਰੀਆਂ ਦਾ ਮੈਂ ਧੰਨਵਾਦ ਕਰਦਾ ਹਾਂ। ਬਿ੍ਟੇਨ ਦੀ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਨੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਸੋਸ਼ਲ ਮੀਡੀਆ 'ਤੇ ਘਟਨਾ ਨਾਲ ਜੁੜੇ ਕੁਝ ਵੀਡੀਓ ਦਿਖਾਈ ਦੇ ਰਹੇ ਹਨ ਜਿਸ ਵਿਚ ਸਿਹਤ ਕਰਮਚਾਰੀ ਅਤੇ ਪੁਲਿਸ ਜ਼ਖ਼ਮੀਆਂ ਨੂੰ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਚਾਕੂਬਾਜ਼ੀ ਦੀ ਇਸ ਘਟਨਾ ਤੋਂ ਕੁਝ ਦੇਰ ਪਹਿਲੇ ਹੀ ਸ਼ਹਿਰ ਵਿਚ ਨਸਲੀ ਭੇਦਭਾਵ ਨੂੰ ਲੈ ਕੇ ਪ੍ਰਦਰਸ਼ਨ ਹੋਇਆ ਸੀ। ਟੇਮਜ਼ ਵੈਲੀ ਪੁਲਿਸ ਨੇ ਟਵਿੱਟਰ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਚਾਕੂਬਾਜ਼ੀ ਦੀ ਘਟਨਾ 'ਬਲੈਕ ਲਾਈਵਜ਼ ਮੈਟਰ' ਪ੍ਰਦਰਸ਼ਨ ਨਾਲ ਜੁੜੀ ਹੈ। ਵਿਰੋਧੀ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਚਾਕੂਬਾਜ਼ੀ ਦੀ ਘਟਨਾ ਨੂੰ ਚਿੰਤਾਜਨਕ ਦੱਸਿਆ ਹੈ।