ਲੰਡਨ (ਪੀਟੀਆਈ) : ਯੂਕੇ ਮੀਡੀਆ ਵਾਚਡਾਗ ਆਫਕਾਮ ਨੇ ਵਿਵਾਦਗ੍ਰਸਤ ਮੁਸਲਿਮ ਧਾਰਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੇ ਪੀਸ ਟੀਵੀ ਨੈੱਟਵਰਕ ਨੂੰ 'ਨਫ਼ਰਤੀ ਭਾਸ਼ਣ' ਅਤੇ ਇਤਰਾਜ਼ਯੋਗ ਸਮੱਗਰੀ ਪੇਸ਼ ਕਰਨ ਤੇ ਪ੍ਰਸਾਰਣ ਨਿਯਮ ਤੋੜਨ 'ਤੇ ਤਿੰਨ ਲੱਖ ਪੌਂਡ ਦਾ ਜੁਰਮਾਨਾ ਕੀਤਾ ਹੈ।

ਲੰਡਨ ਸਥਿਤ ਸੰਚਾਰ ਰੈਗੂਲੇਟਰ ਨੇ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੀਸ ਟੀਵੀ ਉਰਦੂ ਦੇ ਲਾਇਸੈਂਸ ਧਾਰਕ ਨੂੰ ਦੋ ਲੱਖ ਪੌਂਡ ਅਤੇ ਪੀਸ ਟੀਵੀ ਨੂੰ ਇਕ ਲੱਖ ਪੌਂਡ ਦਾ ਜੁਰਮਾਨਾ ਕੀਤਾ ਹੈ। ਆਫਕਾਮ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਡੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੀਸ ਟੀਵੀ ਉਰਦੂ ਅਤੇ ਪੀਸ ਟੀਵੀ ਨੇ ਅਜਿਹੀ ਸਮੱਗਰੀ ਦਾ ਪ੍ਰਸਾਰਣ ਕੀਤਾ ਜੋਕਿ ਇਤਰਾਜ਼ਯੋਗ ਹੈ ਤੇ ਅਪਰਾਧ ਵਧਾਉਣ ਵਿਚ ਸਹਾਇਕ ਹੋ ਸਕਦਾ ਹੈ। ਅਸੀਂ ਇਸ ਨਤੀਜੇ 'ਤੇ ਪੁੱਜੇ ਹਾਂ ਕਿ ਇਹ ਸਮੱਗਰੀ ਪ੍ਰਸਾਰਣ ਨਿਯਮਾਂ ਦੇ ਬਿਲਕੁਲ ਉਲਟ ਹੈ। ਇਸ ਕਰ ਕੇ ਤਿੰਨ ਲੱਖ ਪੌਂਡ ਦਾ ਜੁਰਮਾਨਾ ਕੀਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਪੀਸ ਟੀਵੀ ਦੀ ਮਾਲਕੀ ਲਾਰਡ ਪ੍ਰੋਡਕਸ਼ਨਜ਼ ਲਿਮਟਿਡ ਕੋਲ ਹੈ ਅਤੇ ਕਲੱਬ ਟੀਵੀ ਕੋਲ ਪੀਸ ਟੀਵੀ ਉਰਦੂ ਦਾ ਲਾਇਸੈਂਸ ਹੈ। ਇਨ੍ਹਾਂ ਦੋਵਾਂ ਦੀ ਮਾਂ ਕੰਪਨੀ ਯੂਨੀਵਰਸਲ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਹੈ ਜਿਸ ਦੇ ਮਾਲਕ ਮੁੰਬਈ ਦੇ ਜ਼ਾਕਿਰ ਨਾਇਕ (54) ਮੁਸਲਿਮ ਧਾਰਮਿਕ ਪ੍ਰਚਾਰਕ ਹਨ।

ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਬਕਾ ਲਾਇਸੈਂਸ ਧਾਰਕ ਕਲੱਬ ਟੀਵੀ ਅਤੇ ਲਾਰਡ ਪ੍ਰੋਡਕਸ਼ਨਜ਼ ਨੂੰ ਦੋ ਲੱਖ ਪੌਂਡ ਅਤੇ ਇਕ ਲੱਖ ਪੌਂਡ ਦਾ ਜੁਰਮਾਨਾ ਐੱਚਐੱਮ ਪੇਮਾਸਟਰ ਜਨਰਲ ਨੂੰ ਦੇਣਾ ਹੋਵੇਗਾ। ਪੀਸ ਟੀਵੀ ਦੇ ਬਾਨੀ ਅਤੇ ਪ੍ਰਧਾਨ ਜ਼ਾਕਿਰ ਨਾਇਕ ਹਨ ਤੇ ਇਹ ਗ਼ੈਰ-ਲਾਭਕਾਰੀ ਸੈੱਟਲਾਈਟ ਟੈਲੀਵਿਜ਼ਨ ਨੈੱਟਵਰਕ ਹੈ ਜੋ ਕਿ ਦੁਬਈ ਤੋਂ ਮੁਫ਼ਤ 'ਚ ਅੰਗਰੇਜ਼ੀ, ਬੰਗਾਲੀ ਅਤੇ ਉਰਦੂ ਭਾਸ਼ਾਵਾਂ ਵਿਚ ਪ੍ਰੋਗਰਾਮ ਪੇਸ਼ ਕਰਦਾ ਹੈ। ਵਿਵਾਦਗ੍ਰਸਤ ਪ੍ਰਚਾਰਕ ਜ਼ਾਕਿਰ ਨਾਇਕ 2016 'ਚ ਭਾਰਤ ਛੱਡ ਗਿਆ ਸੀ ਤੇ ਮਨੀ ਲਾਂਡਰਿੰਗ ਮਾਮਲੇ ਵਿਚ ਭਾਰਤ ਨੂੰ ਲੋੜੀਂਦਾ ਹੈ। ਇਸ ਸਮੇਂ ਉਹ ਮਲੇਸ਼ੀਆ ਵਿਚ ਰਹਿ ਰਿਹਾ ਹੈ ਤੇ ਉਸ ਨੂੰ ਸਥਾਈ ਨਿਵਾਸ ਦੀ ਮਨਜ਼ੂਰੀ ਮਿਲੀ ਹੋਈ ਹੈ। ਪਿਛਲੇ ਹਫ਼ਤੇ ਭਾਰਤ ਨੇ ਮਲੇਸ਼ੀਆ ਤੋਂ ਉਸ ਦੀ ਭਾਰਤ ਨੂੰ ਹਵਾਲਗੀ ਦੀ ਅਪੀਲ ਕੀਤੀ ਸੀ। ਮਾੜੇ ਵਤੀਰੇ ਕਾਰਨ ਯੂਕੇ ਨੇ 2010 'ਚ ਜ਼ਾਕਿਰ ਨਾਇਕ ਦੇ ਆਪਣੇ ਦੇਸ਼ 'ਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਸੀ।