ਲੰਡਨ : ਬ੍ਰਿਟਿਸ਼ ਸੰਸਦ ਨੇ ਪ੍ਰਧਾਨ ਮੰਤਰੀ ਥੈਰੇਸਾ ਮੇ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਇਕ ਵਾਰ ਫਿਰ ਰੱਦ ਕਰ ਦਿੱਤਾ ਹੈ। ਸੰਸਦ ਨੇ ਹੇਠਲੇ ਸਦਨ ਹਾਊਸ ਆਫ਼ ਕਾਮਨਸ 'ਚ ਮੰਗਲਵਾਰ ਨੂੰ ਬਹਿਸ ਤੋਂ ਬਾਅਦ ਹੋਏ ਮਤਦਾਨ 'ਚ ਸਰਕਾਰ ਨੂੰ 149 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬ੍ਰੈਗਜ਼ਿਟ ਸਮਝੌਤੇ ਦੇ ਪੱਖ 'ਚ 242 ਅਤੇ ਵਿਰੋਧ 'ਚ 391 ਵੋਟਾਂ ਪਈਆਂ।

ਇਸ ਤੋਂ ਪਹਿਲਾਂ ਜਨਵਰੀ 'ਚ ਵੀ ਸੰਦ ਨੇ ਬ੍ਰੈਗਜ਼ਿਟ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। ਬ੍ਰੈਗਜ਼ਿਟ ਪ੍ਰਸਤਾਵ ਦੇ ਰੱਦ ਹੋਣ ਨਾਲ ਯੂਰਪੀ ਸੰਘ ਤੋਂ ਬਰਤਾਨੀਆ ਦੇ ਵੱਖ ਹੋਣ ਨੂੰ ਲੈ ਕੇ ਸਸ਼ੋਪੰਜ ਦੀ ਸਥਿਤੀ ਪੈਦਾ ਹੋ ਗਈ ਹੈ। ਬਿਨਾਂ ਕਿਸੇ ਸਮਝੌਤੇ ਦੇ ਹੀ ਬਰਤਾਨੀਆ ਦੇ ਵੱਖ ਹੋਣ ਦਾ ਸ਼ੱਕ ਵਧ ਗਿਆ ਹੈ। ਹਾਲਾਂਕਿ, ਅਜੇ ਬਰਤਾਨੀਆ ਕੋਲ ਦੋ ਮੌਕੇ ਹਨ।

ਪਹਿਲਾ ਕਿ ਸੰਸਦ ਕਿਸੇ ਪ੍ਰਸਤਾਵ 'ਤੇ ਸਹਿਮਤੀ ਪ੍ਰਗਟਾਏ ਅਤੇ ਯੂਰਪੀ ਸੰਘ ਉਸ ਨੂੰ ਸਵੀਕਾਰ ਕਰ ਲਵੇ ਅਤੇ ਦੂਜਾ ਯੂਰਪੀ ਸੰਘ ਵੱਖਰੇਵੇਂ ਲਈ ਹੋਰ ਕੁਝ ਸਮਾਂ ਦੇ ਸਕਦਾ ਹੈ। ਹੁਣ ਯੂਰਪੀ ਸੰਘ ਤੋਂ ਬਰਤਾਨੀਆਂ ਦੇ ਵੱਖ ਹੋਣ ਦੀ ਆਖ਼ਰੀ ਤਾਰੀਕ 29 ਮਾਰਚ ਹੈ।

ਪਰ, ਯੂਰਪੀ ਸੰਘ ਦੇ ਆਗੂਆਂ ਦੇ ਬਿਆਨਾਂ ਤੋਂ ਅਜਿਹਾ ਲੱਗਦਾ ਨਹੀਂ ਹੈ ਕਿ ਅਜਿਹਾ ਕੁਝ ਹੋਵੇਗਾ। ਯੂਰਪੀ ਸੰਘ ਦੇ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਨਾ ਤਾਂ ਬਰਤਾਨਆ ਨੂੰ ਹੁਣ ਕਿਸੇ ਤਰ੍ਹਾਂ ਦੀ ਰਿਆਇਤੀ ਦਿੱਤੀ ਜਾਵੇਗੀ ਅਤੇ ਨਾ ਹੀ ਵੱਖਰੇਵੇਂ ਦੀ ਤਾਰੀਕ ਅੱਗੇ ਵਧਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਥੈਰੇਸਾ ਮੇ ਅਤੇ ਯੂਰਪੀ ਸੰਘ ਦੇ ਆਗੂਆਂ 'ਚ ਗੱਲਬਾਤ ਹੋਈ ਸੀ। ਫਰਾਂਸ ਦੇ ਸਟ੍ਰਾਸਬਰਗ 'ਚ ਹੋਈ ਬੈਠਕ ਤੋਂ ਬਾਅਦ ਥੈਰੇਸਾ ਮੇ ਨੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਜੀਨ ਕਲਾਊਡ ਜੰਕਰ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਆਇਰਸ਼ ਬੈਕਸਟਾਫ ਨੂੰ ਲੈ ਕੇ ਕਾਨੂੰਨੀ ਤੌਰ 'ਤੇ ਪਾਬੰਦ ਗਾਰੰਟੀ ਹਾਸਲ ਕਰ ਲਈ ਹੈ।

ਪਰ, ਉਨ੍ਹਾਂ ਦੀ ਹੀ ਕੰਜਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੇ ਮੇ ਦੇ ਨਵੇਂ ਪ੍ਰਸਤਾਵ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। 'ਆਇਰਸ਼ ਬੈਕਸਟਾਪ' 'ਚ ਬਰਤਾਨੀਆ ਅਤੇ ਆਇਰਲੈਂਡ ਦਰਮਿਆਨ ਸਖ਼ਤ ਕੰਟਰੋਲ ਵਾਲੀ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਵਾਲੀ ਸਰਹੱਦ ਤੋਂ ਬਚਣ ਦੀ ਗੱਲ ਆਖੀ ਗਈ ਹੈ। ਹੁਣ ਜੋ ਸਹਿਮਤੀ ਬਣੀ ਹੈ, ਉਸ 'ਚ ਕਿਹਾ ਗਿਆ ਹੈ ਕਿ ਸਰਹੱਦ ਨੂੰ ਲੈ ਕੇ ਕੋਈ ਵੀ ਪ੍ਰਬੰਧ ਸਥਾਈ ਨਹੀਂ ਹੋਵੇਗਾ।

Posted By: Jagjit Singh