ਲੰਡਨ (ਏਐੱਨਆਈ) : ਚੀਨ ਦੀ ਮਦਦ ਨਾਲ ਪਾਕਿਸਤਾਨੀ ਫ਼ੌਜ ਤੇ ਖ਼ੁਫੀਆ ਏਜੰਸੀ ਆਈਐੱਸਆਈ ਕਰਾਚੀ ਨੂੰ ਸੰਘੀ ਖੇਤਰ ਐਲਾਨਣ ਦੀ ਯੋਜਨਾ ਬਣਾ ਰਹੇ ਹਨ। ਮੁੱਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਨੇਤਾ ਅਲਤਾਫ ਹੁਸੈਨ ਨੇ ਇਹ ਦੋਸ਼ ਲਾਉਂਦੇ ਹੋਏ ਕਿਹਾ ਕਿ ਅਜਿਹਾ ਕਰਨ ਪਿੱਛੇ ਇਸ ਇਲਾਕੇ 'ਚ ਮੌਜੂਦ ਸਾਧਨਾਂ ਨੂੰ ਹਾਸਲ ਕਰਨਾ ਹੈ। ਹੁਸੈਨ ਦਾ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਕਰਾਚੀ 'ਚ ਬਾਰਿਸ਼ ਤੋਂ ਬਾਅਦ ਦੇ ਹਾਲਾਤਾਂ ਦੀ ਮਦਦ ਲਈ ਫ਼ੌਜ ਨੂੰ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨ ਲਈ ਕਿਹਾ ਗਿਆ ਹੈ।

ਹੁਸੈਨ ਨੇ ਕਿਹਾ ਕਿ ਕਰਾਚੀ 'ਚ ਸਫਾਈ ਦੀ ਆੜ 'ਚ ਫ਼ੌਜ ਨੂੰ ਸ਼ਹਿਰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਐੱਮਕਿਊਐੱਮ ਨੇਤਾ ਨੇ ਕਿਹਾ ਕਿ ਇਮਰਾਨ ਸਰਕਾਰ ਦੇ ਮੰਤਰੀ ਕਰਾਚੀ ਨੂੰ ਇਸਲਾਮਾਬਾਦ ਦੇ ਕੰਟਰੋਲ 'ਚ ਲਿਆਉਣ ਲਈ ਫ਼ੌਜ ਵੱਲੋਂ ਤਿਆਰ ਨਾਪਾਕ ਯੋਜਨਾ ਦੇ ਪੱਖ 'ਚ ਖੁੱਲੇਆਮ ਬਿਆਨ ਦੇ ਰਹੇ ਹਨ। ਹੁਸੈਨ ਨੇ ਕਿਹਾ ਕਿ ਕਰਾਚੀ ਨੂੰ ਜ਼ਿਆਦਾ ਖ਼ੁਦਮੁਖਤਿਆਰੀ, ਅਧਿਕਾਰ ਤੇ ਤਾਕਤ ਦੇਣ ਦੀ ਬਜਾਏ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਨੂੰ ਸੰਘੀ ਕੰਟਰੋਲ 'ਚ ਲਿਆਉਣ ਦੀ ਯੋਜਨਾ ਤਿਆਰ ਕਰ ਕਰ ਰਹੀ ਹੈ। ਉਨ੍ਹਾਂ ਫ਼ੌਜ ਤੇ ਪਾਕਿਸਤਾਨੀ ਸਰਕਾਰ ਦੀ ਇਸ ਸਾਜਿਸ਼ ਨੂੰ ਨਾਕਾਮ ਕਰਨ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।