ਲੰਡਨ (ਏਜੰਸੀ) : ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਇਸ ਸਾਲ ਦੇ ਅੰਤ ਤਕ ਆਉਣ ਦੀ ਸੰਭਾਵਨਾ ਹੈ। ਪਰ ਇਹ ਤੈਅ ਨਹੀਂ ਹੈ ਕਿ ਵੈਕਸੀਨ ਆ ਹੀ ਜਾਵੇਗੀ। ਵੈਕਸੀਨ ਵਿਕਸਤ ਕਰਨ ਵਾਲੀ ਇਕ ਪ੍ਰਮੁੱਖ ਵਿਗਿਆਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਆਕਸਫੋਰਡ ਯੂਨੀਵਰਸਿਟੀ ਤੇ ਐਸਟ੍ਰਾਜੈਨੇਕਾ ਦੀ ਇਸ ਵੈਕਸੀਨ ਨੂੰ ਇਨਸਾਨਾਂ 'ਤੇ ਮੁੱਢਲੇ ਪ੍ਰਰੀਖਣ 'ਚ ਸਹੀ ਪਾਈ ਗਈ ਹੈ। ਕਲੀਨਿਕਸ ਟ੍ਰਾਇਲ ਦੌਰਾਨ ਵੈਕਸੀਨ ਨੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਦੇ ਨਾਲ ਹੀ ਇਨਫੈਕਸ਼ਨ ਨਾਲ ਲੜਨ ਵਾਲੇ ਵ੍ਹਾਈਟ ਬਲੱਡ ਸੈੱਲ ਯਾਨੀ ਟੀ-ਸੈੱਲ ਵੀ ਵਿਕਸਤ ਕੀਤੇ ਹਨ। ਇਸ ਰਿਸਰਚ ਸਟਡੀ ਦਾ ਪ੍ਰਕਾਸ਼ਨ ਸੋਮਵਾਰ ਨੂੰ ਹੋਇਆ ਸੀ, ਜਿਸ ਤੋਂ ਬਾਅਦ ਇਸ ਸਾਲ ਦੇ ਅਖੀਰ ਤਕ ਇਸ ਵੈਕਸੀਨ ਦੇ ਆਉਣ ਦੀ ਉਮੀਦ ਜਾਗੀ ਹੈ।

ਵੈਕਸੀਨ ਵਿਕਸਤ ਕਰ ਰਹੀ ਪਾਰਟੀ ਦੀ ਮੁਖੀ ਵਿਗਿਆਨੀ ਸਾਰਾਹ ਗਿਲਬਰਟ ਨੇ ਬੀਬੀਸੀ ਰੇਡੀਓ ਨੂੰ ਕਿਹਾ, 'ਇਸ ਸਾਲ ਦੇ ਅਖ਼ੀਰ ਤਕ ਵੈਕਸੀਨ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ। ਇਹ ਸੰਭਵ ਹੈ, ਪਰ ਇਹ ਤੈਅ ਨਹੀਂ ਹੈ ਕਿ ਇਸ ਸਮੇਂ ਤਕ ਵੈਕਸੀਨ ਆ ਹੀ ਜਾਵੇ, ਕਿਉਂਕਿ ਅਜੇ ਅਸੀਂ ਤਿੰਨ ਚੀਜ਼ਾਂ ਕਰਨੀਆਂ ਹਨ।'

ਸਭ ਤੋਂ ਪਹਿਲਾਂ ਤਾਂ ਇਹ ਵੈਕਸੀਨ ਆਖ਼ਰੀ ਪੜਾਅ 'ਚ ਕਾਰਗਰ ਹੋਵੇਗੀ ਤਾਂ ਉਸ ਤੋਂ ਬਾਅਦ ਵੱਡੇ ਪੱਧਰ 'ਤੇ ਇਸ ਦੇ ਉਤਪਾਦਨ ਦੀ ਜ਼ਰੂਰਤ ਹੋਵੇਗੀ ਤੇ ਅਖੀਰ 'ਚ ਰੈਗੂਲੇਟਰੀ ਵੱਲੋਂ ਇਸ ਦੇ ਐਮਰਜੈਂਸੀ ਇਸਤੇਮਾਲ ਲਈ ਫ਼ੌਰੀ ਲਾਇਸੈਂਸ ਦੀ ਜ਼ਰੂਰਤ ਹੋਵੇਗੀ। ਜਦੋਂ ਇਹ ਤਿੰਨੇ ਚੀਜ਼ਾਂ ਜ਼ਰੂਰਤ ਦੇ ਹਿਸਾਬ ਨਾਲ ਇਕੱਠੀਆਂ ਹੋ ਜਾਣਗੀਆਂ, ਉਦੋਂ ਅਸੀਂ ਵੱਡੀ ਅਬਾਦੀ ਨੂੰ ਇਹ ਵੈਕਸੀਨ ਦੇ ਸਕਾਂਗੇ।

ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਇਸ ਹਿਸਾਬ ਨਾਲ ਤਿਆਰ ਕਰ ਰਹੇ ਹਨ ਕਿ ਜੇਕਰ ਸਾਰੇ ਪੜਾਅ ਦੇ ਟ੍ਰਾਇਲ ਕਾਮਯਾਬ ਰਹਿੰਦੇ ਹਨ ਤਾਂ ਸਤੰਬਰ ਦੇ ਅਖ਼ੀਰ ਤਕ ਇਸ ਦੀ 10 ਲੱਖ ਖ਼ੁਰਾਕ ਦਾ ਉਤਪਾਦਨ ਹੋ ਜਾਵੇ।

ਐਸਟ੍ਰਾਜੈਨੇਕਾ ਇਸ ਵੈਕਸੀਨ ਦਾ ਉਤਪਾਦਨ ਕਰੇਗੀ। ਇਸ ਲਈ ਕੰਪਨੀ ਨੇ ਹੋਰ ਵੀ ਕਈ ਵੈਕਸੀਨ ਉਤਪਾਦਕਾਂ ਨਾਲ ਸਮਝੌਤਾ ਕੀਤਾ ਹੈ। ਪਰ ਬਰਤਾਨੀਆ 'ਚ ਕੋਰੋਨਾ ਵਾਇਰਸ ਦੇ ਘੱਟ ਮਾਮਲਿਆਂ ਨਾਲ ਇਸ ਦੇ ਅਸਰ ਦਾ ਪ੍ਰਰੀਖਣ ਕਰਨ ਦਾ ਕੰਮ ਮੁਸ਼ਕਲ ਹੋ ਗਿਆ ਹੈ। ਇਸੇ ਕਾਰਨ ਦੂਜੇ ਗੇੜ ਦੇ ਪ੍ਰਰੀਖਣ ਦਾ ਕੰਮ ਬ੍ਰਾਜ਼ੀਲ ਤੇ ਦੱਖਣੀ ਅਫਰੀਕਾ 'ਚ ਚੱਲ ਰਿਹਾ ਹੈ ਤੇ ਉਸ ਦੇ ਅਗਲੇ ਪੜਾਅ ਦੀ ਪ੍ਰਰੀਖਿਆ ਅਮਰੀਕਾ 'ਚ ਸ਼ੁਰੂ ਹੋਣ ਵਾਲੀ ਹੈ।