ਲੰਡਨ (ਰਾਇਟਰ) : ਭਵਿੱਖ ਦੀਆਂ ਮਹਾਮਾਰੀਆਂ ਕੋਰੋਨਾ ਤੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੀਆਂ ਹਨ। ਸਾਨੂੰ ਇਸ ਬਿਮਾਰੀ ਦੇ ਪ੍ਰਕੋਪ ਤੋਂ ਲਏ ਗਏ ਸਬਕ ਨੂੰ ਬੇਕਾਰ ਨਹੀਂ ਜਾਣ ਦੇਣਾ ਚਾਹੀਦਾ। ਦੁਨੀਆ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਅਗਲੇ ਵਾਇਰਲ ਹਮਲੇ ਲਈ ਤਿਆਰ ਰਹਿਣ। ਇਹ ਗੱਲ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਵੈਕਸੀਨ ਵਿਕਸਿਤ ਕਰਨ ਵਾਲੀ ਟੀਮ ’ਚ ਸ਼ਾਮਲ ਵਿਗਿਆਨੀ ਸਾਰਾਹ ਗਿਲਬਰਟ ਨੇ ਕਹੀ।

ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਕੋਰੋਨਾ ਵਾਇਰਸ ਨੇ ਦੁਨੀਆ ਭਰ ’ਚ 52.6 ਲੱਖ ਤੋਂ ਵੱਧ ਲੋਕਾਂ ਦੀ ਜਾਨ ਲਈ ਹੈ। ਖਰਬਾਂ ਰੁਪਏ ਦਾ ਆਰਥਿਕ ਉਤਪਾਦਨ ਚੌਪਟ ਹੋਇਆ ਤੇ ਅਰਬਾਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਗਈ।

ਬੀਬੀਸੀ ਦੀ ਰਿਪੋਰਟ ਮੁਤਾਬਕ ਰਿਚਰਡ ਡਿੰਬੈਲਬੀ ਲੈਕਚਰ ’ਚ ਸਾਰਾਹ ਗਿਲਬਰਟ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਗਲਾ ਵਾਇਰਸ ਬਦਤਰ ਹੋ ਸਕਦਾ ਹੈ। ਇਹ ਜ਼ਿਆਦਾ ਇਨਫੈਕਸ਼ਨ ਵਾਲਾ ਜਾਂ ਜ਼ਿਆਦਾ ਘਾਤਕ, ਜਾਂ ਦੋਵੇਂ ਹੋ ਸਕਦਾ ਹੈ। ਇਹ ਆਖ਼ਰੀ ਵਾਰ ਨਹੀਂ ਹੋਵੇਗਾ ਜਦੋਂ ਕੋਈ ਵਾਇਰਸ ਸਾਡੀ ਜ਼ਿੰਦਗੀ ਤੇ ਸਾਡੀ ਰੋਜ਼ੀ-ਰੋਟੀ ਲਈ ਖ਼ਤਰਾ ਬਣੇ।

ਆਕਸਫੋਰਡ ਯੂਨੀਵਰਸਿਟੀ ’ਚ ਵੈਕਸੀਨੋਲਾਜੀ ਦੀ ਪ੍ਰੋਫੈਸਰ ਗਿਲਬਰਟ ਨੇ ਕਿਹਾ ਕਿ ਦੁਨੀਆ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਅਗਲੇ ਵਾਇਰਸ ਲਈ ਬਿਹਤਰ ਤਰੀਕੇ ਨਾਲ ਤਿਆਰ ਹੋਣ। ਅਸੀਂ ਜੋ ਤਰੱਕੀ ਕੀਤੀ ਹੈ ਤੇ ਜੋ ਜਾਣਕਾਰੀ ਹਾਸਲ ਕੀਤੀ ਹੈ, ਉਸ ਨੂੰ ਗੁਆਉਣਾ ਨਹੀਂ ਚਾਹੀਦਾ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਖ਼ਤਮ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਗ਼ੈਰ-ਬਰਾਬਰ ਤੇ ਅਧੂਰੀਆਂ ਰਹੀਆਂ ਹਨ। ਘੱਟ ਆਮਦਨ ਵਾਲੇ ਦੇਸ਼ਾਂ ’ਚ ਟੀਕੇ ਤਕ ਲੋਕਾਂ ਦੀ ਪਹੁੰਚ ਸੀਮਤ ਹੈ, ਜਦੋਂਕਿ ਅਮੀਰ ਦੇਸ਼ਾਂ ’ਚ ਸਿਹਤਮੰਦ ਤੇ ਅਮੀਰ ਲੋਕਾਂ ਨੂੰ ਬੂਸਟਰ ਵੀ ਦਿੱਤੇ ਜਾ ਰਹੇ ਹਨ।

ਸਾਰਸ-ਸੀਓਵੀ-2 ਮਹਾਮਾਰੀ ਨਾਲ ਨਜਿੱਠਣ ਦੀ ਸਮੀਖਿਆ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੱਲੋਂ ਸਥਾਪਿਤ ਮਾਹਿਰਾਂ ਦੇ ਇਕ ਪੈਨਲ ਨੇ ਸਥਾਈ ਵਿੱਤੀ ਫੰਡਿੰਗ ਤੇ ਇਕ ਨਵੀਂ ਸੰਧੀ ਜ਼ਰੀਏ ਮਹਾਮਾਰੀ ਦੀ ਜਾਂਚ ਕਰਨ ਦੀ ਵੱਧ ਸਮਰੱਥਾ ਦੀ ਅਪੀਲ ਕੀਤੀ ਹੈ। ਇਕ ਤਜਵੀਜ਼ ਮੁਤਾਬਕ ਮਹਾਮਾਰੀ ਦੀਆਂ ਤਿਆਰੀਆਂ ਲਈ ਸਾਲਾਨਾ ਘਟੋ-ਘੱਟ 10 ਅਰਬ ਡਾਲਰ (753 ਅਰਬ ਰੁਪਏ) ਦੀ ਫੰਡਿੰਗ ਦੀ ਮੰਗ ਕੀਤੀ ਗਈ ਹੈ।

ਕੋਰੋਨਾ ਦਾ ਪ੍ਰਕੋਪ ਪਹਿਲੀ ਵਾਰ 2019 ਦੇ ਅਖੀਰ ’ਚ ਚੀਨ ’ਚ ਪਾਇਆ ਗਿਆ ਸੀ। ਰਿਕਾਰਡ ਸਮੇਂ ’ਚ ਵਾਇਰਸ ਖ਼ਿਲਾਫ਼ ਟੀਕੇ ਵਿਕਸਿਤ ਕੀਤੇ ਗਏ ਸਨ। ਗਿਲਬਰਟ ਨੇ ਕਿਹਾ ਕਿ ਓਮੀਕ੍ਰੋਨ ਵੇਰੀਐਂਟ ਦੇ ਸਪਾਈਕ ਪ੍ਰੋਟੀਨ ’ਚ ਅਜਿਹੇ ਮਿਊਟੇਸ਼ਨ ਹੁੰਦੇ ਹਨ ਜੋ ਵਾਇਰਸ ਦੀ ਟਰਾਂਸਮਿਸੀਬਿਲਿਟੀ ਵਧਾਉਣ ਲਈ ਜਾਣੇ ਜਾਂਦੇ ਹਨ। ਗਿਲਬਰਟ ਨੇ ਕਿਹਾ ਕਿ ਇਹ ਅਜਿਹੇ ਵਾਧੂ ਬਦਲਾਅ ਹਨ ਜੋ ਟੀਕਿਆਂ ਤੋਂ ਬਣੀ ਐਂਟੀਬਾਡੀ ਦੀ ਗਿਣਤੀ ਘਟਾ ਸਕਦੇ ਹਨ ਜਾਂ ਇਨਫੈਕਸ਼ਨ ਨਾਲ ਲੜਨ ਦੀ ਉਸ ਦੀ ਸਮਰੱਥਾ ਨੂੰ ਘੱਟ ਕਰ ਸਕਦੇ ਹਨ। ਇਸ ਬਾਰੇ ਜਦੋਂ ਤਕ ਅਸੀਂ ਹੋਰ ਜ਼ਿਆਦਾ ਨਹੀਂ ਜਾਣਦੇ, ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਤੇ ਇਸ ਨਵੇਂ ਵੇਰੀਐਂਟ ਦੇ ਪ੍ਰਸਾਰ ਨੂੰ ਹੌਲੀ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।

Posted By: Susheel Khanna