ਲੰਡਨ (ਏਜੰਸੀਆਂ) : ਬਰਤਾਨੀਆ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਕੁਝ ਮਹੀਨਿਆਂ ਤੋਂ ਚੱਲ ਰਹੀ ਰਾਹਤ ਤੋਂ ਬਾਅਦ ਹੁਣ ਚਿੰਤਾ ਵਧ ਗਈ ਹੈ। ਡਬਲਯੂਐੱਚਓ ਨੇ ਵੀ ਯੂਰਪੀ ਦੇਸ਼ਾਂ ਨੂੰ ਡੈਲਟਾ ਵੇਰੀਐਂਟ ਪ੍ਰਤੀ ਚੌਕਸ ਕੀਤਾ ਹੈ।

ਬਰਤਾਨੀਆ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 7540 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਫਰਵਰੀ ਦੇ ਆਖ਼ਰੀ ਹਫ਼ਤੇ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 27 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਕੁਲ ਮਰੀਜ਼ਾਂ ਦੀ ਗਿਣਤੀ ਲਗਪਗ 45 ਲੱਖ ਹੈ।

ਵਿਸ਼ਵ ਸਿਹਤ ਸੰਗਠਨ ਯੂਰਪ ਦੇ ਨਿਰਦੇਸ਼ਕ ਡਾ. ਹੇਂਸ ਕਲੂਜ ਨੇ ਯੂਰਪੀ ਦੇਸ਼ਾਂ ਨੂੰ ਡੈਲਟਾ ਵੇਰੀਐਂਟ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਰੀਐਂਟ ਦੀ ਲਪੇਟ ਵਿਚ ਯੂਰਪ ਦਾ ਜ਼ਿਆਦਾਤਰ ਖੇਤਰ ਹੈ ਅਤੇ ਜ਼ਰੂਰੀ ਨਹੀਂ ਕਿ ਇਸ ਵੇਰੀਐਂਟ 'ਤੇ ਸਾਰੀਆਂ ਵੈਕਸੀਨਾਂ ਕਾਰਗਰ ਹੋ ਜਾਣ। ਡਬਲਯੂਐੱਚਓ ਨੇ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਤਰਾ ਕਰਨ ਦੇ ਸਬੰਧ ਵਿਚ ਵੀ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਹਾਲ ਦੇ ਹਫ਼ਤਿਆਂ ਵਿਚ ਬੇਸ਼ੱਕ ਇਨਫੈਕਸ਼ਨ ਦੀ ਦਰ ਵਿਚ ਕਮੀ ਆਈ ਹੈ ਪਰ ਯਾਤਰਾ ਪੂਰੀ ਤਰ੍ਹਾਂ ਨਾਲ ਖ਼ਤਰੇ ਤੋਂ ਬਾਹਰ ਨਹੀਂ ਹੈ। ਆਉਣ ਵਾਲੇ ਦਿਨਾਂ ਵਿਚ ਸਮਾਜਿਕ ਸਮਾਗਮ, ਵੱਡੀ ਆਬਾਦੀ ਦੀ ਆਵਾਜਾਈ ਅਤੇ ਤਿਉਹਾਰਾਂ ਨੂੰ ਲੈ ਕੇ ਸੁਚੇਤ ਰਹਿਣਾ ਹੋਵੇਗਾ।

ਫਰਾਂਸ : ਕੋਰੋਨਾ ਦੇ ਮਾਮਲੇ ਘੱਟ ਹੋਣ ਕਾਰਨ ਪਾਬੰਦੀਆਂ 'ਚ ਹੋਰ ਢਿੱਲ ਦੇ ਦਿੱਤੀ ਗਈ ਹੈ। ਹੁਣ ਰੈਸਟੋਰੈਂਟ ਪੂਰੀ ਸਮਰੱਥਾ ਨਾਲ ਚਲਾਏ ਜਾ ਸਕਣਗੇ।

ਸ੍ਰੀਲੰਕਾ : ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 2022 ਤੋਂ ਪਹਿਲਾਂ ਸਾਰੇ ਨਾਗਰਿਕਾਂ ਨੂੰ ਟੀਕੇ ਲਗਾ ਦੇਵੇਗਾ।

ਸਿੰਗਾਪੁਰ : ਕੋਰੋਨਾ ਦੇ ਮਾਮਲਿਆਂ ਵਿਚ ਕਮੀ ਆਉਣ ਤੋਂ ਬਾਅਦ ਢਿੱਲ ਦਿੱਤੇ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਟੋਕੀਓ ਓਲੰਪਿਕ ਨੂੰ ਦੇਖਦੇ ਹੋਏ ਜਾਪਾਨ 'ਚ ਟੀਕਾਕਰਨ ਤੇਜ਼

ਜਾਪਾਨ 'ਚ ਅਗਲੇ ਮਹੀਨੇ ਹੋਣ ਜਾ ਰਹੇ ਟੋਕੀਓ ਓਲੰਪਿਕ ਨੂੰ ਦੇਖਦੇ ਹੋਏ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਗਈ ਹੈ। ਸ਼ਨਿਚਰਵਾਰ ਤੋਂ ਇੱਥੇ 65 ਸਾਲ ਤੋਂ ਹੇਠਾਂ ਦੇ ਲੋਕਾਂ ਲਈ ਟੀਕਾ ਲਾਉਣ ਦਾ ਕੰਮ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਜਾਪਾਨ ਨੇ ਫਰਵਰੀ 'ਚ ਸਿਹਤ ਮੁਲਾਜ਼ਮਾਂ ਅਤੇ ਬਜ਼ੁਰਗਾਂ ਨੂੰ ਟੀਕਾ ਲਾਉਣਾ ਸ਼ੁਰੂ ਕਰ ਦਿੱਤਾ ਸੀ। ਇੱਥੇ ਟੀਕਾਕਰਨ ਦੀ ਰਫ਼ਤਾਰ ਹੋਰਨਾਂ ਉਦਯੋਗਿਕ ਦੇਸ਼ਾਂ ਦੇ ਮੁਕਾਬਲੇ 'ਚ ਹੌਲੀ ਹੈ।