ਲੰਡਨ (ਏਜੰਸੀਆਂ) : ਬਰਤਾਨੀਆ 'ਚ ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਦੇਸ਼ਭਰ 'ਚ ਤਿੰਨ ਮਹੀਨੇ ਬਾਅਦ ਸ਼ੁੱਕਰਵਾਰ ਨੂੰ ਸਭ ਤੋਂ ਵੱਧ 6238 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਬੀਤੀ ਪੰਜ ਮਾਰਚ ਨੂੰ 5924 ਕੇਸ ਮਿਲੇ ਸਨ। ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰ ਚੁੱਕੇ ਇਸ ਦੇਸ਼ 'ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਵੀ ਕਹਿਰ ਵੱਧ ਗਿਆ ਹੈ।

ਬਰਤਾਨੀਆ 'ਚ ਦੂਜੀ ਲਹਿਰ 'ਚ ਬੀਤੀ ਅੱਠ ਜਨਵਰੀ ਨੂੰ ਸਭ ਤੋਂ ਵੱਧ 67 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲੇ ਸਨ। ਇਸ ਤੋਂ ਬਾਅਦ ਰੋਜ਼ਾਨਾ ਮਾਮਲਾ ਘੱਟ ਕੇ ਅੱਧ ਮਈ 'ਚ ਦੋ ਹਜ਼ਾਰ ਤੋਂ ਹੇਠਾਂ ਆ ਗਏ ਸਨ। ਹੁਣ ਫਿਰ ਇਨਫੈਕਸ਼ਨ ਵਧਦੀ ਨਜ਼ਰ ਆ ਰਹੀ ਹੈ। ਇਸ ਯੂਰਪੀ ਦੇਸ਼ 'ਚ ਹੁਣ ਤਕ ਕੁੱਲ 45 ਲੱਖ 21 ਹਜ਼ਾਰ ਤੋਂ ਵੱਧ ਮਾਮਲੇ ਪਾਏ ਗਏ ਹਨ।

ਬੀਤੇ 24 ਘੰਟਿਆਂ 'ਚ 11 ਮਰੀਜ਼ਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 28 ਹਜ਼ਾਰ 86 ਹੋ ਗਈ ਹੈ। ਬਰਤਾਨੀਆ 'ਚ ਡੈਲਟਾ ਵੇਰੀਐਂਟ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਇਹ ਵੇਰੀਐਂਟ ਦੇ ਹੁਣ ਤਕ ਕੁੱਲ 12 ਹਜ਼ਾਰ 431 ਕੇਸ ਪਾਏ ਗਏ ਹਨ। ਇਨ੍ਹਾਂ 'ਚੋਂ ਲਗਪਗ ਸਾਢੇ ਪੰਜ ਹਜ਼ਾਰ ਮਾਮਲੇ ਤਾਂ ਸਿਰਫ ਬੀਤੇ ਇਕ ਹਫ਼ਤੇ 'ਚ ਵਧੇ ਹਨ। ਸਭ ਤੋਂ ਪਹਿਲਾਂ ਭਾਰਤ 'ਚ ਪਾਏ ਗਏ ਇਸ ਵੇਰੀਐਂਟ ਨੂੰ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ।

ਇੱਥੇ ਰਿਹਾ ਇਹ ਹਾਲ


ਬ੍ਰਾਜ਼ੀਲ : 1454 ਪੀੜਤਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 70 ਹਜ਼ਾਰ 842 ਹੋ ਗਈ ਹੈ। ਕੁੱਲ ਇਕ ਕਰੋੜ 68 ਲੱਖ 41 ਹਜ਼ਾਰ ਕੋਰੋਨਾ ਪੀੜਤ ਮਿਲੇ ਹਨ।

ਅਰਜਨਟੀਨਾ : ਬੀਤੇ 24 ਘੰਟਿਆਂ 'ਚ 30 ਹਜ਼ਾਰ 950 ਨਵੇਂ ਕੇਸ ਮਿਲਣ ਨਾਲ ਕੁੱਲ ਮਾਮਲੇ 39 ਲੱਖ 15 ਹਜ਼ਾਰ ਹੋ ਗਏ ਹਨ। ਇੱਥੇ 80 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ।

ਤਾਇਵਾਨ : ਸ਼ਨਿਚਰਵਾਰ ਨੂੰ 511 ਨਵੇਂ ਮਰੀਜ਼ ਮਿਲਣ ਨਾਲ ਕੁੱਲ ਮਾਮਲੇ ਲਗਪਗ 11 ਹਜ਼ਾਰ ਹੋ ਗਏ ਹਨ। ਇਕ ਦਿਨ ਪਹਿਲਾਂ 472 ਕੇਸ ਮਿਲੇ ਸਨ। ਕੁੱਲ 225 ਮੌਤਾਂ ਹੋਈਆਂ ਹਨ।