ਲੰਡਨ (ਰਾਇਟਰ) : ਬਿ੍ਟੇਨ ਦੀ ਇਕ ਸੰਸਦ ਮੈਂਬਰ ਨੇ ਕਿਹਾ ਹੈ ਕਿ ਮੁਸਲਿਮ ਹੋਣ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜਰਵੇਟਿਵ ਸਰਕਾਰ ’ਚ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ‘ਸੰਡੇ ਟਾਈਮਜ਼’ ’ਚ ਛਪੀ ਖ਼ਬਰ ਮੁਤਾਬਕ, ਉਨ੍ਹਾਂ ਦਾ ਧਰਮ ਉਨ੍ਹਾਂ ਦੇ ਸਾਥੀਆਂ ਨੂੰ ਅਸਹਿਜ ਬਣਾ ਰਿਹਾ ਸੀ। ਕੋਰੋਨਾ ਲਾਕਡਾਊਨ ’ਚ ਡਾਊਨਿੰਗ ਸਟਰੀਟ ਦਫ਼ਤਰ ’ਚ ਕਰਵਾਈਆਂ ਪਾਰਟੀਆਂ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਜੌਨਸਨ ਸਰਕਾਰ ਲਈ ਇਹ ਦੋਸ਼ ਸੰਕਟ ਨੂੰ ਵਧਾਉਣ ਵਾਲੇ ਸਾਬਤ ਹੋ ਰਹੇ ਹਨ।

49 ਵਰਿ੍ਹਆਂ ਦੀ ਨੁਸਰਤ ਗਨੀ ਨੂੰ ਫਰਵਰੀ 2020 ’ਚ ਜੂਨੀਅਰ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਹੱਥ ਧੋਣਾ ਪਿਆ ਸੀ। ਉਨ੍ਹਾਂ ਅਖ਼ਬਾਰ ਨੂੰ ਕਿਹਾ ਕਿ ਸੰਸਦੀ ਅਨੁਸ਼ਾਸਨ ਲਾਗੂ ਕਰਨ ਵਾਲੇ ਇਕ ਵਿ੍ਹਪ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਹਟਾਏ ਜਾਣ ’ਚ ਉਨ੍ਹਾਂ ਦਾ ਮੁਸਲਿਮ ਹੋਣਾ ਇਕ ਮੁੱਦਾ ਬਣ ਕੇ ਉਭਰਿਆ ਹੈ। ਸਰਕਾਰ ਦੇ ਮੁੱਖ ਵਿ੍ਹਪ ਮਾਰਕ ਸਪੈਂਸਰ ਨੇ ਕਿਹਾ ਕਿ ਗਨੀ ਦੇ ਦੋਸ਼ਾਂ ਦੇ ਕੇਂਦਰ ’ਚ ਉਹੀ ਹਨ। ਉਨ੍ਹਾਂ ਟਵੀਟ ਕੀਤਾ ਹੈ, ‘ਇਹ ਦੋਸ਼ ਪੂਰੀ ਤਰ੍ਹਾਂ ਝੂਠੇ ਹਨ ਅਤੇ ਮੈਂ ਉਨ੍ਹਾਂ ਨੂੰ ਮਾਣਹਾਨੀ ਕਰਨ ਵਾਲਾ ਮੰਨਾਂਗਾ। ਜਿਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ, ਮੈਂ ਉਸ ਤਰ੍ਹਾਂ ਕਦੇ ਨਹੀਂ ਕਿਹਾ ਸੀ।’

Posted By: Sunil Thapa