ਲੰਡਨ (ਰਾਇਟਰ) : ਬ੍ਰੈਗਜ਼ਿਟ ਨੂੰ ਲੈ ਕੇ ਯੂਰਪੀ ਯੂਨੀਅਨ (ਈਯੂ) ਤੇ ਬਰਤਾਨੀਆ ਵਿਚਕਾਰ ਤਲਖ਼ੀ ਵਧ ਗਈ ਹੈ। ਈਯੂ ਨੇ ਮੰਗਲਵਾਰ ਨੂੰ ਬਰਤਾਨੀਆ ਨੂੰ ਕਿਹਾ ਕਿ ਉਹ ਬ੍ਰੈਗਜ਼ਿਟ 'ਤੇ ਮੂਰਖ਼ਤਾ ਭਰੇ ਦੋਸ਼ ਲਾਉਣੇ ਬੰਦ ਕਰੇ। ਈਯੂ ਦਾ ਇਹ ਸਖ਼ਤ ਬਿਆਨ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਦਫ਼ਤਰ ਡਾਊਨਿੰਗ ਸਟ੍ਰੀਟ ਦੇ ਸੂਤਰ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਸੰਭਵ ਨਹੀਂ ਹੈ ਕਿਉਂਕਿ ਜਰਮਨ ਚਾਂਸਲਰ ਏਂਜਲਾ ਮਰਕਲ ਨੇ ਅਜਿਹੀ ਮੰਗ ਰੱਖੀ ਹੈ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।

ਬਰਤਾਨਵੀ ਪ੍ਰਧਾਨ ਮੰਤਰੀ ਜੌਨਸਨ ਨੇ ਪਿਛਲੇ ਹਫ਼ਤੇ ਇਕ ਪ੍ਰਸਤਾਵ ਰੱਖਿਆ ਸੀ। ਜਿਸ 'ਚ ਹੋਰਨਾਂ ਕਈ ਬਿੰਦੂਆਂ ਦੇ ਨਾਲ ਹੀ ਉੱਤਰੀ ਆਇਰਲੈਂਡ ਨੂੰ ਈਯੂ ਦੇ ਕਸਟਮ ਯੂਨੀਅਨ ਤੋਂ ਵੱਖ ਰੱਖਣ ਦੀ ਗੱਲ ਕਹੀ ਗਈ ਸੀ। ਮੰਗਲਵਾਰ ਨੂੰ ਜੌਨਸਨ ਤੇ ਮਰਕਲ ਦਰਮਿਆਨ ਫੋਨ 'ਤੇ ਗੱਲ ਹੋਈ। ਜੌਨਸਨ ਦੇ ਦਫ਼ਤਰ ਦੇ ਸੂਤਰ ਨੇ ਦੱਸਿਆ ਕਿ ਮਰਕਲ ਨੇ ਸਾਫ਼ ਕਿਹਾ ਹੈ ਕਿ ਜੇਕਰ ਉੱਤਰੀ ਆਇਰਲੈਂਡ ਨੂੰ ਈਯੂ ਦੇ ਕਸਟਮ ਯੂਨੀਅਨ ਤੋਂ ਵੱਖ ਰੱਖਿਆ ਜਾਂਦਾ ਹੈ ਤਾਂ ਫਿਰ ਕੋਈ ਸਮਝੌਤਾ ਸੰਭਵ ਨਹੀਂ ਹੈ।

ਇਸ 'ਤੇ ਯੂਰਪੀ ਕੌਂਸਲ ਦੇ ਮੁਖੀ ਡੋਨਾਲਡ ਟਸਕ ਨੇ ਟਵੀਟ ਕਰ ਕੇ ਜੌਨਸਨ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜੌਨਸਨ ਬੇਵਕੂਫੀ ਭਰੇ ਦੋਸ਼ ਲਗਾ ਰਹੇ ਹਨ, ਉਹ ਨਾ ਤਾਂ ਕੋਈ ਸਮਝੌਤਾ ਕਰਨਾ ਚਾਹੁੰਦੇ ਹਨ, ਨਾ ਹੀ ਬ੍ਰੈਗਜ਼ਿਟ 'ਚ ਦੇਰੀ ਚਾਹੁੰਦੇ ਹਨ, ਨਾ ਹੀ ਸਥਿਤੀ ਪਹਿਲਾਂ ਵਾਲੀ ਬਣਾਈ ਰੱਖਣਾ ਚਾਹੁੰਦੇ ਹਨ। ਈਯੂ ਤੋਂ ਬਰਤਾਨੀਆ ਦੇ ਵੱਖ ਹੋਣ 'ਚ ਹੁਣ ਸਿਰਫ਼ 23 ਦਿਨ ਬਚੇ ਹਨ। ਪਰ ਦੋਵਾਂ ਧਿਰਾਂ ਵਿਚਕਾਰ ਵੱਖਰੇਵੇਂ ਤੋਂ ਬਾਅਦ ਦੇ ਆਪਸੀ ਸਬੰਧਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਬ੍ਰੈਗਜ਼ਿਟ 'ਚ ਦੇਰੀ ਜਾਂ ਬਿਨਾਂ ਸਮਝੌਤੇ ਬ੍ਰੈਗਜ਼ਿਟ ਨੂੰ ਲੈ ਕੇ ਦੋਵੇਂ ਧਿਰਾਂ ਖ਼ੁਦ ਨੂੰ ਪਾਕ-ਸਾਫ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਬਿਨਾਂ ਸਮਝੌਤਾ ਬ੍ਰੈਗਜ਼ਿਟ ਦੀ ਤਿਆਰੀ 'ਚ ਲੱਗਾ ਬਰਤਾਨੀਆ

ਬਰਤਾਨਵੀ ਪ੍ਰਧਾਨ ਮੰਤਰੀ ਇਹ ਲਗਾਤਾਰ ਸਾਫ਼ ਕਰਦੇ ਰਹੇ ਹਨ ਕਿ ਉਨ੍ਹਾਂ ਦਾ ਦੇਸ਼ ਈਯੂ ਤੋਂ 31 ਅਕਤੂਬਰ ਨੂੰ ਵੱਖ ਹੋ ਜਾਵੇਗਾ, ਬੇਸ਼ੱਕ ਹੀ ਕੋਈ ਸਮਝੌਤਾ ਹੋਵੇ ਜਾਂ ਨਹੀਂ। ਸਮਝੌਤੇ ਦੇ ਸਮਰਥਕ ਸੰਸਦ ਮੈਂਬਰਾਂ ਦੇ ਦਬਾਅ 'ਚ ਉਹ ਚੋਣ ਕਰਵਾਉਣ ਦੀ ਗੱਲ ਤਕ ਕਹਿ ਚੁੱਕੇ ਹਨ। ਇਸ ਨੂੰ ਲੈ ਕੇ ਆਪਣੇ ਦੇਸ਼ 'ਚ ਕਾਰੋਬਾਰੀਆਂ ਤੇ ਆਮ ਲੋਕਾਂ ਦੀ ਚਿੰਤਾ ਘੱਟ ਕਰਨ ਲਈ ਉਨ੍ਹਾਂ ਦੀ ਸਰਕਾਰ ਨੇ ਮੰਗਲਵਾਰ ਨੂੰ ਇਕ ਐਮਰਜੈਂਸੀ ਯੋਜਨਾ ਦਾ ਪ੍ਰਕਾਸ਼ਨ ਕੀਤਾ, ਜਿਸ 'ਚ ਮੈਡੀਕਲ ਸਾਮਾਨ ਦੇ ਸਪਲਾਇਰਾਂ ਲਈ ਕੁਝ ਸੁਝਾਅ ਦਿੱਤੇ ਗਏ ਹਨ। 155 ਸਿਫ਼ਆਂ ਦੇ 'ਨੋ ਡੀਲ ਰੈਡੀਨੈੱਸ ਰਿਪੋਰਟ' ਨਾਂ ਦੀ ਇਸ ਰਿਪੋਰਟ 'ਚ ਦੇਸ਼ ਦੀਆਂ ਸਰਹੱਦਾਂ, ਲੋਕਾਂ ਦੇ ਅਧਿਕਾਰ, ਊਰਜਾ, ਉਦਯੋਗ ਤੇ ਉੱਤਰੀ ਆਇਰਲੈਂਡ ਨੂੰ ਲੈ ਕੇ ਚੁੱਕੇ ਜਾਣ ਵਾਲੇ ਕਦਮਾਂ ਦਾ ਵੀ ਜ਼ਿਕਰ ਹੈ।

ਖ਼ਰਾਬ ਹਾਲਾਤ ਦਾ ਸਾਹਮਣਾ ਕਰਨ ਦੀ ਤਿਆਰੀ 'ਚ ਆਇਰਲੈਂਡ

ਆਇਰਲੈਂਡ ਨੇ ਮੰਗਲਵਾਰ ਨੂੰ 2020 ਲਈ ਬਿਨਾਂ ਸਮਝੌਤੇ ਵਾਲੇ ਬ੍ਰੈਗਜ਼ਿਟ ਦੇ ਹਾਲਾਤ ਨੂੰ ਵੇਖਦਿਆਂ ਬਜਟ ਪੇਸ਼ ਕੀਤਾ। ਇਸ 'ਚ ਕੁਝ ਅਜਿਹੇ ਉਪਾਅ ਕੀਤੇ ਗਏ ਹਨ ਕਿ ਈਯੂ ਤੋਂ ਬਿਨਾਂ ਕਿਸੇ ਸਮਝੌਤੇ ਦੇ ਬਰਤਾਨੀਆ ਦੇ ਵੱਖ ਹੋਣ ਦੀ ਸਥਿਤੀ 'ਚ ਕੰਪਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਬਰਤਾਨੀਆ ਦੇ ਅਧਿਕਾਰ ਵਾਲੇ ਉੱਤਰੀ ਆਇਰਲੈਂਡ ਨਾਲ ਆਇਰਲੈਂਡ ਦੀਆਂ ਸਰਹੱਦਾਂ ਲਗਦੀਆਂ ਹਨ। ਇਸ ਨੂੰ ਵੇਖਦਿਆਂ ਆਇਰਲੈਂਡ ਸਰਕਾਰ ਨੇ ਕਿਹਾ ਹੈ ਕਿ ਜੇਕਰ ਬਰਤਾਨੀਆ ਬਿਨਾਂ ਸਮਝੌਤੇ ਦੇ ਵੱਖ ਹੁੰਦਾ ਹੈ ਤਾਂ ਆਰਥਿਕ ਵਿਕਾਸ ਠਹਿਰ ਸਕਦਾ ਹੈ ਤੇ 80 ਹਜ਼ਾਰ ਤੋਂ ਵੱਧ ਨੌਕਰੀਆਂ ਜਾ ਸਕਦੀਆਂ ਹਨ।