ਲੰਡਨ (ਪੀਟੀਆਈ) : ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਇਕ ਹੋਟਲ ਵਿਚ ਸ਼ੁੱਕਰਵਾਰ ਨੂੰ ਛੁਰਾ ਮਾਰਨ ਦੀ ਘਟਨਾ ਪਿੱਛੋਂ ਇਕ ਪੁਲਿਸ ਅਧਿਕਾਰੀ ਸਮੇਤ ਛੇ ਲੋਕ ਹਸਪਤਾਲ ਵਿਚ ਹਨ। ਹਥਿਆਰਬੰਦ ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਸ਼ੱਕੀ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਸਕਾਟਲੈਂਡ ਦੀ ਪੁਲਿਸ ਨੇ ਕਿਹਾ ਕਿ ਇਸ ਘਟਨਾ ਨੂੰ ਅੱਤਵਾਦ ਨਹੀਂ ਮੰਨਿਆ ਜਾ ਰਿਹਾ ਹੈ ਪ੍ਰੰਤੂ ਹਮਲੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਸਕਾਟਲੈਂਡ ਪੁਲਿਸ ਦੇ ਅਸਿਸਟੈਂਟ ਚੀਫ ਕਾਂਸਟੇਬਲ ਸਟੀਵ ਜੌਨਸਨ ਨੇ ਗਲਾਸਗੋ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਕ ਆਦਮੀ ਨੂੰ ਹਥਿਆਰਬੰਦ ਪੁਲਿਸ ਨੇ ਗੋਲ਼ੀ ਮਾਰ ਦਿੱਤੀ ਸੀ ਅਤੇ ਉਸ ਦੀ ਮੌਤ ਹੋ ਗਈ ਹੈ। ਛੇ ਹੋਰ ਲੋਕ ਇਲਾਜ ਲਈ ਹਸਪਤਾਲ ਵਿਚ ਹਨ। ਇਨ੍ਹਾਂ ਵਿਚ ਇਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਜੋ ਗੰਭੀਰ ਪ੍ਰੰਤੂ ਸਥਿਤ ਸਥਿਤੀ ਵਿਚ ਹੈ। ਅਧਿਕਾਰੀ ਦੇ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਜਨਤਾ ਲਈ ਕੋਈ ਵਿਆਪਕ ਜੋਖ਼ਮ ਨਹੀਂ ਹੈ। ਹਾਲਾਂਕਿ, ਸੜਕ ਬੰਦ ਹੈ ਅਤੇ ਲੋਕਾਂ ਨੂੰ ਖੇਤਰ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ। ਘਟਨਾ ਵਿਚ ਜ਼ਖ਼ਮੀ ਸਾਰੇ ਵਿਅਕਤੀ ਮਰਦ ਹਨ।

ਇਸ ਤੋਂ ਪਹਿਲੇ ਗਲਾਸਗੋ ਸਿਟੀ ਸੈਂਟਰ ਦੇ ਵੈਸਟ ਜਾਰਜ ਸਟ੍ਰੀਟ 'ਤੇ ਪਾਰਕ ਇਨ ਹੋਟਲ ਵਿਚ ਹੋਈ ਘਟਨਾ ਵਿਚ ਤਿੰਨ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ ਸਨ ਪ੍ਰੰਤੂ ਬਾਅਦ ਵਿਚ ਸਿਰਫ਼ ਸ਼ੱਕੀ ਹਮਲਾਵਰ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ। ਸਕਾਟਲੈਂਡ ਦੀ ਪ੍ਰਥਮ ਮੰਤਰੀ ਨਿਕੋਲਾ ਸਟਰਜਨ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਇਸ ਘਟਨਾ ਨੂੰ ਲੈ ਕੇ ਪਹਿਲੇ ਤੋਂ ਹੀ ਬਹੁਤ ਅਟਕਲਾਂ ਹਨ ਜਿਨ੍ਹਾਂ ਦੀ ਜਾਂਚ ਜਾਰੀ ਹੈ। ਮੈਂ ਇਸ ਤਰ੍ਹਾਂ ਦੀਆਂ ਅਟਕਲਾਂ ਤੋਂ ਬਚਣ ਲਈ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਸੋਸ਼ਲ ਮੀਡੀਆ 'ਤੇ ਸੰਭਾਵਿਤ ਰੂਪ ਤੋਂ ਪਰੇਸ਼ਾਨ ਕਰਨ ਵਾਲੀ ਸਮੱਗਰੀ ਸਾਂਝਾ ਨਾ ਕਰਨ ਅਤੇ ਪੁਲਿਸ ਦੀ ਸਲਾਹ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗੰਭੀਰ ਘਟਨਾ ਸਕਾਟਲੈਂਡ ਵਿਚ ਨਹੀਂ ਹੁੰਦੀ ਹੈ। ਇਹ ਸਾਡੇ ਪੁਲਿਸ ਅਧਿਕਾਰੀਆਂ ਦੇ ਸਾਹਸ ਅਤੇ ਵਚਨਬੱਧਤਾ ਦੀ ਇਕ ਮਿਸਾਲ ਹੈ ਜੋ ਦੂਸਰਿਆਂ ਦੇ ਜੀਵਨ ਦੀ ਰੱਖਿਆ ਲਈ ਖ਼ਤਰਾ ਚੁੱਕਣ ਲਈ ਤਿਆਰ ਰਹਿੰਦੇ ਹਨ।