ਨਿਊਯਾਰਕ : ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਬਲਾਕਾ ਸਿੰਘ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬਾਹਰ ਦੇ ਗੁਰੂਘਰਾਂ ਨਾਲ ਸਬੰਧਿਤ ਸੰਗਤਾਂ ਨੂੰ ਅਤੇ ਪ੍ਰਬੰਧਕਾਂ ਨੂੰ ਇਸ ਗੁਰੂਘਰ ਵਿਚ ਆ ਕੇ ਵੋਟਾਂ ਬਣਾਉਣ ਤੇ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਦੂਜੇ ਗੁਰੂਘਰਾਂ ਨਾਲ ਸਬੰਧਤ ਸੰਗਤਾਂ ਅਤੇ ਪ੍ਰਬੰਧਕ ਸਿੱਖ ਕਲਚਰਲ ਸੁਸਾਇਟੀ ਗੁਰੂਘਰ ਆ ਕੇ ਵੋਟਾਂ ਬਣਾਉਣ ਦੇ ਬਹਾਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਅਸੀਂ ਪਿਛਲੇ 2 ਹਫ਼ਤੇ ਤੋਂ ਦੇਖ ਰਹੇ ਹਾਂ ਤੇ ਇਸ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਅਗਲੇ ਹਫ਼ਤੇ ਤੋਂ ਜੇਕਰ ਦੂਜੇ ਗੁਰੂ ਘਰ ਨਾਲ ਸਬੰਧਿਤ ਕੋਈ ਮੈਂਬਰ ਇਥੇ ਆ ਕੇ ਵੋਟ ਬਣਾਉਣ ਜਾਂ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਸ 'ਤੇ ਕਾਨੂੰਨੀ ਕਾਰਵਾਈ ਕਰਾਂਗੇ। ਗੁਰੂ ਘਰ ਦੇ ਸੰਵਿਧਾਨ ਅਨੁਸਾਰ ਇਸ ਗੁਰੂ ਘਰ 'ਚ ਵੋਟ ਉਹ ਹੀ ਬਣਾ ਸਕਦਾ ਹੈ ਜੋ ਇਸ ਗੁਰੂ ਘਰ ਵਿਚ ਆਉਂਦਾ ਹੈ ਤੇ ਆਪਣਾ ਪੂਰਾ ਯੋਗਦਾਨ ਪਾਉਂਦਾ ਹੈ।