ਲੰਡਨ (ਪੀਟੀਆਈ) : ਨਿਊਯਾਰਕ ਵਿਚ ਰਹਿਣ ਵਾਲੇ ਸਕਾਟਲੈਂਡ ਦੇ ਲੇਖਕ ਡਗਲਸ ਸਟੁਅਰਟ ਨੂੰ ਉਨ੍ਹਾਂ ਦੇ ਪਹਿਲੇ ਨਾਵਲ 'ਸ਼ੁਗੀ ਬੇਨ' ਲਈ ਵੀਰਵਾਰ ਨੂੰ ਸਾਲ 2020 ਦਾ ਬੁਕਰ ਪੁਰਸਕਾਰ ਮਿਲਿਆ। ਡਗਲਸ ਦੇ ਨਾਵਲ ਦੀ ਕਹਾਣੀ ਗਲਾਸਗੋ ਦੀ ਪਿੱਠਭੂਮੀ 'ਤੇ ਆਧਾਰਤ ਹੈ। ਦੱਸਣਯੋਗ ਹੈ ਕਿ ਦੁਬਈ ਵਿਚ ਵਸੀ ਭਾਰਤੀ ਮੂਲ ਦੀ ਲੇਖਿਕਾ ਅਵਨੀ ਦੋਸ਼ੀ ਦੇ ਪਹਿਲੇ ਨਾਵਲ 'ਬਰਨਟ ਸ਼ੂਗਰ' ਸਮੇਤ ਕੁਝ ਛੇ ਲੋਕਾਂ ਦੇ ਨਾਵਲ ਪੁਰਸਕਾਰ ਲਈ ਨਾਮਜ਼ਦ ਕੀਤੇ ਗਏ ਸਨ।

ਪੁਰਸਕਾਰ ਜਿੱਤਣ 'ਤੇ ਸਟੁਅਰਟ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ। ਸ਼ੁਗੀ ਇਕ ਕਾਲਪਨਿਕ ਕਿਤਾਬ ਹੈ ਪ੍ਰੰਤੂ ਇਸ ਨੂੰ ਲਿਖਣਾ ਮੇਰੇ ਲਈ ਬੇਹੱਦ ਭਾਵਨਾਤਮਕ ਰਿਹਾ ਹੈ। ਡਗਲਸ ਨੇ ਇਹ ਕਿਤਾਬ ਆਪਣੀ ਮਾਂ ਨੂੰ ਸਮਰਪਿਤ ਕੀਤੀ ਹੈ। 44 ਸਾਲਾਂ ਦੇ ਲੇਖਕ ਜਦੋਂ 16 ਸਾਲਾਂ ਦੇ ਸਨ ਤਾਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਅਤਿ-ਅਧਿਕ ਸ਼ਰਾਬ ਪੀਣ ਕਾਰਨ ਹੋ ਗਿਆ ਸੀ। ਪੁਰਸਕਾਰ ਹਾਸਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਇਕ ਲੇਖਕ ਬਣਨਾ ਚਾਹੁੰਦਾ ਸੀ। ਇਹ ਸੁਪਨਾ ਪੂਰਾ ਹੋਣ ਵਰਗਾ ਹੈ। ਇਸ ਨੇ ਮੇਰੇ ਪੂਰੇ ਜੀਵਨ ਨੂੰ ਬਦਲ ਦਿੱਤਾ ਹੈ। ਦਰਅਸਲ, ਰਾਇਲ ਕਾਲਜ ਆਫ ਆਰਟ ਇਨ ਲੰਡਨ ਤੋਂ ਬੀਏ ਕਰਨ ਪਿੱਛੋਂ ਸਟੁਅਰਟ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ਵਿਚ ਕਰੀਅਰ ਬਣਾਉਣ ਲਈ ਨਿਊਯਾਰਕ ਚਲੇ ਗਏ ਸਨ। ਬਤੌਰ ਫੈਸ਼ਨ ਡਿਜ਼ਾਈਨਰ ਉਨ੍ਹਾਂ ਨੇ ਵੱਖ-ਵੱਖ ਅੰਤਰਰਾਸ਼ਟਰੀ ਬਰਾਂਡਾਂ (ਕੈਲਵਿਨ ਕਲੀਨ, ਰਾਲਫ ਲਾਹੇਨ ਅਤੇ ਗੈਪ) ਨਾਲ ਕੰਮ ਕੀਤਾ। ਸ਼ੁਰੂਆਤ ਵਿਚ ਉਨ੍ਹਾਂ ਨੇ ਖ਼ਾਲੀ ਸਮੇਂ ਵਿਚ ਲਿਖਣਾ ਸ਼ੁਰੂ ਕੀਤਾ ਸੀ।

ਵਿਸ਼ੇਸ਼ ਸਕਰੀਨ ਨਾਲ ਜੁੜੇ ਸਾਰੇ ਨਾਮਜ਼ਦ ਲੇਖਕ

ਕੋਰੋਨਾ ਵਾਇਰਸ ਕਾਰਨ ਬੁਕਰ ਪੁਰਸਕਾਰ 2020 ਦੇ ਸਮਾਗਮ ਨੂੰ ਲੰਡਨ ਦੇ ਰਾਊਂਡ ਹਾਊਸ ਤੋਂ ਪ੍ਰਸਾਰਿਤ ਕੀਤਾ ਗਿਆ। ਸਾਰੇ 6 ਨਾਮਜ਼ਦ ਲੇਖਕ ਇਕ ਵਿਸ਼ੇਸ਼ ਸਕਰੀਨ ਰਾਹੀਂ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਬੁਕਰ ਪੁਰਸਕਾਰ ਪ੍ਰਰਾਪਤ ਨਾਵਲਾਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।

30 ਪ੍ਰਕਾਸ਼ਕਾਂ ਨੇ ਨਾਵਲ ਨੂੰ ਛਾਪਣ ਤੋਂ ਕਰ ਦਿੱਤੀ ਸੀ ਨਾਂਹ

ਅਮਰੀਕਾ ਵਿਚ 'ਗਰੋਵ ਐਟਲਾਂਟਿਕ' ਅਤੇ ਬਿ੍ਟੇਨ ਵਿਚ 'ਪਿਕਾਡੋਰ' ਵੱਲੋਂ ਇਸ ਨਾਵਲ ਨੂੰ ਪ੍ਰਕਾਸ਼ਿਤ ਕੀਤੇ ਜਾਣ ਤੋਂ ਪਹਿਲੇ 30 ਪ੍ਰਕਾਸ਼ਕਾਂ ਨੇ ਇਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ। ਜਿਊਰੀ ਮੁਤਾਬਕ 'ਸ਼ੁਗੀ ਬੇਨ' ਅਜਿਹਾ ਨਾਵਲ ਹੈ ਜੋ ਨਾ ਕੇਵਲ ਕਿਸੇ ਵਿਅਕਤੀ ਨੂੰ ਰੁਲਾ ਸਕਦਾ ਹੈ ਸਗੋਂ ਤੁਹਾਡੇ ਚਿਹਰੇ 'ਤੇ ਮੁਸਕਾਨ ਵੀ ਲਿਆ ਸਕਦਾ ਹੈ। ਇਹ ਜੀਵਨ ਬਦਲਣ ਵਾਲਾ ਨਾਵਲ ਹੈ। ਡਗਲਸ ਸਟੁਅਰਟ ਬੁਕਰ ਪੁਰਸਕਾਰ ਜਿੱਤਣ ਵਾਲੇ ਦੂਜੇ ਸਕਾਟਿਸ਼ ਨਾਗਰਿਕ ਹਨ। ਇਸ ਤੋਂ ਪਹਿਲੇ ਸਾਲ 1994 ਵਿਚ ਜੇਮਸ ਕੇਮੈਨ ਨੂੰ 'ਹਾਓ ਲੇਟ ਇਟ ਵਾਜ਼, ਹਾਓ ਲੇਟ' ਲਈ ਪੁਰਸਕਾਰ ਮਿਲਿਆ ਸੀ।

ਪੁਰਸਕਾਰ 'ਚ ਮਿਲਦੇ ਹਨ 50 ਹਜ਼ਾਰ ਪੌਂਡ

ਇਹ ਪੁਰਸਕਾਰ ਹਰੇਕ ਸਾਲ ਕਿਸੇ ਵੀ ਭਾਸ਼ਾ ਦੇ ਕਾਲਪਨਿਕ ਕਥਾ ਨਾਵਲ ਨੂੰ ਦਿੱਤਾ ਜਾਂਦਾ ਹੈ ਜਿਸ ਦਾ ਅਨੁਵਾਦ ਅੰਗਰੇਜ਼ੀ ਵਿਚ ਹੋਇਆ ਹੋਵੇ ਅਤੇ ਪ੍ਰਕਾਸ਼ਨ ਬਿ੍ਟੇਨ ਜਾਂ ਆਇਰਲੈਂਡ ਵਿਚ ਹੋਇਆ ਹੋਵੇ। ਪਹਿਲੀ ਵਾਰ ਕਾਲਪਨਿਕ ਨਾਵਲ ਲਈ ਬੁਕਰ ਪੁਰਸਕਾਰ 1969 ਵਿਚ ਦਿੱਤਾ ਗਿਆ ਸੀ। ਪੁਰਸਕਾਰ ਤਹਿਤ ਜੇਤੂ ਨੂੰ 50 ਹਜ਼ਾਰ ਪੌਂਡ (ਲਗਪਗ 50 ਲੱਖ ਰੁਪਏ) ਦੀ ਰਾਸ਼ੀ ਦਿੱਤੀ ਜਾਂਦੀ ਹੈ।