ਲੰਡਨ (ਪੀਟੀਆਈ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬਰਤਾਨੀਆ ਦੀ ਇਕ ਹਸਪਤਾਲ 'ਚ ਪੀਈਟੀ (ਪਾਜ਼ਿਟ੍ਰੋਨ ਐਮਿਸ਼ਨ ਟੋਮੋਗ੍ਰਾਫੀ) ਤੇ ਸੀਟੀ ਸਕੈਨ ਸਮੇਤ ਕਈ ਜਾਂਚਾਂ ਕੀਤੀਆਂ ਗਈਆਂ ਹਨ। ਇਹ ਜਾਂਚਾਂ ਉਨ੍ਹਾਂ ਦੇ ਪਲੈਟਲੈਟਸ ਘੱਟ ਹੋਣ ਦੇ ਕਾਰਨਾਂ ਦਾ ਠੀਕ-ਠਾਕ ਪਤਾ ਲਗਾਉਣ ਲਈ ਕੀਤੀਆਂ ਗਈਆਂ ਹਨ। ਲਾਹੌਰ ਹਾਈ ਕੋਰਟ ਤੋਂ ਚਾਰ ਹਫਤੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮਿਲਣ ਦੇ ਬਾਅਦ 69 ਸਾਲਾ ਸ਼ਰੀਫ ਨੂੰ 19 ਨਵੰਬਰ ਨੂੰ ਏਅਰ ਐਂਬੂਲੈਂਸ 'ਚ ਲੰਡਨ ਲਿਆਂਦਾ ਗਿਆ ਸੀ।

ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਖ਼ਾਨ ਨੇ ਇਕ ਟਵੀਟ 'ਚ ਕਿਹਾ, 'ਸਾਬਕਾ ਪ੍ਰਧਾਨ ਮੰਤਰੀ ਦਾ ਲੰਡਨ ਬਿ੍ਜ ਹਸਪਤਾਲ 'ਚ ਪੀਈਟੀ/ਸੀਟੀ ਐੱਫਡੀਜੀ ਸਕੈਨ ਕਰਾਇਆ ਗਿਆ ਹੈ।' ਉਨ੍ਹਾਂ ਕਿਹਾ ਕਿ ਇਹ ਗੰਭੀਰ ਥ੍ਰੋਂਬੋਸਾਇਟੋਪੇਨੀਆ ਦਾ ਪਤਾ ਲਗਾਉਣ ਲਈ ਕੀਤੀ ਜਾਣ ਵਾਲੀਆਂ ਪ੍ਰਮੁੱਖਾਂ ਜਾਂਚਾਂ ਵਿਚੋਂ ਇਕ ਹੈ। ਥ੍ਰੋਂਬੋਸਾਇਟੋਪੇਨੀਆ ਅਜਿਹੀ ਸਥਿਤੀ ਹੈ, ਜਿਸ ਵਿਚ ਖੂਨ 'ਚ ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ।