ਲੰਡਨ (ਏਜੰਸੀਆਂ) : ਭਾਰਤ ਦੀ ਸਭ ਤੋਂ ਵੱਡੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਹੁਣ ਬਰਤਾਨੀਆ 'ਚ ਨਿਵੇਸ਼ ਕਰੇਗੀ ਤੇ ਉਥੇ ਵੀ ਵੈਕਸੀਨ ਬਣਾਏਗੀ। ਵੈਕਸੀਨ ਕਾਰੋਬਾਰ ਦਾ ਵਿਸਥਾਰ ਕਰਨ ਲਈ ਸੀਰਮ ਬਰਤਾਨੀਆ 'ਚ 24 ਕਰੋੜ ਪੌਂਡ (ਕਰੀਬ 2400 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਨਾਲ ਹੀ ਉਹ ਇਕ ਨਵਾਂ ਵਿਕਰੀ ਦਫ਼ਤਰ ਖੋਲ੍ਹੇਗੀ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਅਰਬ ਪੌਂਡ (ਕਰੀਬ 10 ਹਜ਼ਾਰ ਕਰੋੜ ਰੁਪਏ) ਦਾ ਭਾਰਤ-ਬਰਤਾਨੀਆ ਵਪਾਰ ਹੁਲਾਰਾ ਭਾਈਵਾਲੀ ਤਹਿਤ ਇਹ ਐਲਾਨ ਕੀਤਾ, ਜਿਸ 'ਚ ਬਰਤਾਨੀਆ 'ਚ ਕਰੀਬ 6,500 ਨਵੀਆਂ ਨੌਕਰੀਆਂ ਤਿਆਰ ਹੋਣਗੀਆਂ। ਪੁਣੇ ਸਥਿਤ ਵੈਕਸੀਨ ਵਿਨਿਰਮਾਤਾ ਨਾਲ ਹੀ ਲਗਪਗ 20 ਭਾਰਤੀ ਕੰਪਨੀਆਂ ਨੇ ਬਰਤਾਨੀਆ 'ਚ ਸਿਹਤ ਸੇਵਾ, ਬਾਇਓਟੈੱਕ ਤੇ ਸਾਫਟਵੇਅਰ ਵਰਗੇ ਖੇਤਰਾਂ 'ਚ ਮਹੱਤਵਪੂਰਨ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

ਭਾਰਤ ਤੇ ਬਰਤਾਨੀਆ ਵਿਚਾਲੇ ਵਪਾਰ ਵਧਾਉਣ ਨੂੰ ਲੈ ਕੇ ਬਰਤਾਨੀਆ ਦੇ ਪੀਐੱਮ ਬੋਰਿਸ ਜੌਨਸਨ ਤੇ ਭਾਰਤ ਦੇ ਪੀਐੱਮ ਨਰਿੰਦਰ ਮੋਦੀ ਵਿਚਾਲੇ ਇਕ ਵਰਚੁਅਲ ਬੈਠਕ ਹੋਣੀ ਹੈ। ਮੰਨਿਆ ਜਾ ਰਿਹਾ ਹੈ ਕਿ ਨਿਵੇਸ਼ ਦਾ ਇਹ ਐਲਾਨ ਉਸੇ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਸੋਮਵਾਰ ਨੂੰ ਸੀਰਮ ਦੀਆਂ ਯੋਜਨਾਵਾਂ ਦੇ ਸੰਦਰਭ 'ਚ ਕਿਹਾ ਕਿ ਵਿਕਰੀ ਦਫ਼ਤਰ ਤੋਂ ਇਕ ਅਰਬ ਅਮਰੀਕੀ ਡਾਲਰ ਤੋਂ ਜ਼ਿਆਦਾ ਦਾ ਨਵਾਂ ਵਪਾਰ ਤਿਆਰ ਹੋਣ ਦੀ ਉਮੀਦ ਹੈ। ਇਸ 'ਚੋਂ 20 ਕਰੋੜ ਪੌਂਡ (ਲਗਪਗ ਦੋ ਹਜ਼ਾਰ ਕਰੋੜ ਰੁਪਏ) ਬਰਤਾਨੀਆ 'ਚ ਨਿਵੇਸ਼ ਕੀਤੇ ਜਾਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਸੀਰਮ ਦਾ ਨਿਵੇਸ਼ ਕਲੀਨਿਕਲ ਟ੍ਰਾਇਲ, ਰਿਸਰਚ ਤੇ ਡਿਵੈੱਲਮੈਂਟ ਤੇ ਵੈਕਸੀਨ ਦੇ ਵਿਨਿਰਮਾਣ ਲਈ ਹੋਵੇਗਾ।