ਲੰਡਨ, ਪੀਟੀਆਈ : ਬਰਤਾਨੀਆ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਫ਼ੈਸਲਾ ਸੁਣਾਇਆ ਕਿ ਹਥਿਆਰਾਂ ਦੇ ਸੌਦਿਆਂ ਦੇ ਮੁਲਜ਼ਮ ਦਲਾਲ ਸੰਜੇ ਭੰਡਾਰੀ ਨੂੰ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ 'ਚ ਅੰਤਿਮ ਫ਼ੈਸਲਾ ਬ੍ਰਿਟਿਸ਼ ਸਰਕਾਰ ਨੇ ਲੈਣਾ ਹੈ। ਭਾਰਤੀ ਅਧਿਕਾਰੀਆਂ ਨੇ ਭੰਡਾਰੀ ਦੀ ਹਵਾਲਗੀ ਲਈ ਦੋ ਬੇਨਤੀਆਂ ਕੀਤੀਆਂ ਸਨ। ਪਹਿਲੀ ਬੇਨਤੀ ਮਨੀ ਲਾਂਡਰਿੰਗ ਨਾਲ ਸਬੰਧਤ ਸੀ ਜਦਕਿ ਦੂਜੀ ਟੈਕਸ ਚੋਰੀ ਨਾਲ ਸਬੰਧਤ ਸੀ।

ਜ਼ਿਲ੍ਹਾ ਜੱਜ ਨੇ ਕੀਤੀ ਸੁਣਵਾਈ

ਤੁਹਾਨੂੰ ਦੱਸ ਦੇਈਏ ਕਿ ਜ਼ਿਲ੍ਹਾ ਜੱਜ ਮਾਈਕਲ ਸਨੋ ਨੇ ਇਸ ਸਾਲ ਦੇ ਸ਼ੁਰੂ ਵਿੱਚ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਕੇਸ ਦੀ ਸੁਣਵਾਈ ਕੀਤੀ ਸੀ। ਉਸਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਭੰਡਾਰੀ ਦੀ ਹਵਾਲਗੀ 'ਤੇ ਕੋਈ ਰੋਕ ਨਹੀਂ ਹੈ ਅਤੇ ਇਸ ਮਾਮਲੇ ਨੂੰ ਬਰਤਾਨਵੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਕੋਲ ਭੇਜਣ ਦਾ ਫ਼ੈਸਲਾ ਕੀਤਾ ਹੈ, ਜੋ ਅਦਾਲਤ ਦੇ ਫ਼ੈਸਲੇ ਦੇ ਆਧਾਰ 'ਤੇ ਹਵਾਲਗੀ ਦੇ ਆਦੇਸ਼ ਦੇਣ ਲਈ ਅਧਿਕਾਰਤ ਹਨ।

ਭਾਰਤ ਸਰਕਾਰ ਨੇ ਅਦਾਲਤ ਨੂੰ ਭਰੋਸਾ ਦਿੱਤਾ

ਅਦਾਲਤ ਨੇ ਇਹ ਹੁਕਮ ਭਾਰਤ ਸਰਕਾਰ ਵੱਲੋਂ ਦਿੱਤੇ ਭਰੋਸੇ ਦੇ ਆਧਾਰ 'ਤੇ ਦਿੱਤਾ ਹੈ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਭੰਡਾਰੀ ਨੂੰ ਸਬੰਧਤ ਸਿਹਤ ਸਹੂਲਤਾਂ ਦੇ ਨਾਲ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਇੱਕ ਵੱਖਰੇ ਸੈੱਲ ਵਿੱਚ ਰੱਖਿਆ ਜਾਵੇਗਾ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਹਵਾਲਗੀ ਦੀਆਂ ਦੋਵਾਂ ਬੇਨਤੀਆਂ ਦੇ ਸਬੰਧ ਵਿੱਚ ਪਹਿਲੀ ਨਜ਼ਰੇ ਕੇਸ ਬਣਾਇਆ ਜਾਂਦਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ, "ਉਹ ਆਪਣੀ ਵਿਦੇਸ਼ੀ ਆਮਦਨ ਅਤੇ ਸੰਪਤੀਆਂ ਦਾ ਐਲਾਨ ਕਰਨ ਵਿੱਚ ਅਸਫਲ ਰਿਹਾ, ਉਸ ਨੂੰ ਅਜਿਹੀ ਆਮਦਨ ਅਤੇ ਸੰਪਤੀਆਂ ਤੋਂ ਲਾਭ ਹੋਇਆ ਜੋ ਘੋਸ਼ਿਤ ਨਹੀਂ ਕੀਤੀਆਂ ਗਈਆਂ ਸਨ," ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ।

ਭੰਡਾਰੀ ਨੂੰ ਜੁਲਾਈ 2020 ਵਿੱਚ ਗ੍ਰਿਫ਼਼ਤਾਰ ਕੀਤਾ ਗਿਆ ਸੀ

ਸੰਜੇ ਭੰਡਾਰੀ ਦੇ ਸਬੰਧ ਵਿੱਚ ਭਾਰਤ ਸਰਕਾਰ ਦੀ ਹਵਾਲਗੀ ਦੀ ਬੇਨਤੀ ਨੂੰ ਯੂਕੇ ਦੀ ਤਤਕਾਲੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੁਆਰਾ ਜੂਨ 2020 ਵਿੱਚ ਪ੍ਰਮਾਣਿਤ ਕੀਤਾ ਗਿਆ ਸੀ ਅਤੇ ਉਸੇ ਸਾਲ ਜੁਲਾਈ ਵਿੱਚ, ਭੰਡਾਰੀ ਨੂੰ ਹਵਾਲਗੀ ਵਾਰੰਟ 'ਤੇ ਗ੍ਰਿਫ਼਼ਤਾਰ ਕੀਤਾ ਗਿਆ ਸੀ। ਲੰਡਨ ਸਥਿਤ ਕਾਰੋਬਾਰੀ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ ਅਤੇ ਸੋਮਵਾਰ ਨੂੰ ਮੈਜਿਸਟ੍ਰੇਟ ਦੀ ਅਦਾਲਤ ਦੇ ਫ਼ੈਸਲੇ 'ਤੇ ਅਪੀਲ ਕਰਨ ਦੀ ਉਮੀਦ ਹੈ।

Posted By: Jagjit Singh