ਲੰਡਨ (ਏਜੰਸੀਆਂ) : ਵਿਸ਼ਵ ਦੇ ਕਈ ਦੇਸ਼ਾਂ 'ਚ ਦੂਜੇ ਦੌਰ ਦੇ ਇਨਫੈਕਸ਼ਨ ਦਾ ਖ਼ਤਰਾ ਮੰਡਰਾਉਂਦਾ ਦਿਸ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਬਰਤਾਨੀਆ 'ਚ 2,948 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਨੇ ਕਿਹਾ ਕਿ ਜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਹਾਲਾਤ ਕਾਫੀ ਖ਼ਰਾਬ ਹੋ ਸਕਦੇ ਹਨ। ਫਰਾਂਸ 'ਚ ਤਾਂ ਨਾ ਸਿਰਫ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵਧੀ ਹੈ ਤੇ ਬਲਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਇਜ਼ਾਫਾ ਹੋਇਆ ਹੈ। 4,203 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ ਜਿਥੇ 3,28,980 ਹੋ ਗਈ ਉਥੇ 25 ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ 'ਚ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਤਦਾਦ 30,726 ਪੁੱਜ ਗਈ ਹੈ। ਰੂਸ 'ਚ ਵੀ ਇਨਫੈਕਸ਼ਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਪਿਛਲੇ 24 ਘੰਟਿਆਂ 'ਚ 5,099 ਨਵੇਂ ਮਰੀਜ਼ ਮਿਲਣ ਨਾਲ ਹੀ 122 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦਾ ਅਸਰ ਰੂਸ ਦੇ ਅਰਥਚਾਰੇ 'ਤੇ ਵੀ ਪੈ ਰਿਹਾ ਹੈ। ਉਸ ਨੇ ਫ਼ੌਜ 'ਤੇ ਖ਼ਰਚ ਹੋਣ ਵਾਲੀ ਰਕਮ 'ਚ ਕਟੌਤੀ ਕੀਤੀ ਹੈ। ਇਜ਼ਰਾਈਲ 'ਚ ਤਾਂ ਹਾਲਾਤ ਹੱਥੋਂ ਨਿਕਲਦੇ ਦਿਸ ਰਹੇ ਹਨ। ਪਿਛਲੇ 24 ਘੰਟਿਆਂ 'ਚ 3,331 ਨਵੇਂ ਮਾਮਲਿਆਂ ਦਾ ਪਤਾ ਲੱਗਾ ਹੈ। ਇਹ ਪਹਿਲੀ ਵਾਰ ਹੈ ਜਦੋਂ ਏਨੀ ਵੱਡੀ ਗਿਣਤੀ 'ਚ ਮਰੀਜ਼ਾਂ ਦਾ ਪਤਾ ਲੱਗਾ ਹੈ।

ਇਥੇ ਰਿਹਾ ਇਹ ਹਾਲ

ਨੇਪਾਲ : ਪਿਛਲੇ 24 ਘੰਟਿਆਂ ਦੌਰਾਨ 902 ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵਧ ਕੇ 48 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਪਾਕਿਸਤਾਨ : ਕੋਰੋਨਾ ਇਨਫੈਕਸ਼ਨ 330 ਨਵੇਂ ਮਰੀਜ਼ ਮਿਲੇ ਹਨ ਤੇ ਤੇ ਪੰਜ ਲੋਕਾਂ ਦੀ ਮੌਤ ਹੋਈ ਹੈ। ਵਿਦਿਅਕ ਸੰਸਥਾਨਾਂ ਨੂੰ 15 ਸਤੰਬਰ ਤੋਂ ਪੜਾਅਵਾਰ ਢੰਗ ਨਾਲ ਖੋਲ੍ਹੇ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਹੈ।

ਸਿੰਗਾਪੁਰ : ਕੋਰੋਨਾ ਟੈਸਟ ਨਾ ਕਰਵਾਉਣ 'ਤੇ 13 ਹਜ਼ਾਰ ਵਿਦੇਸ਼ੀ ਕਾਮਿਆਂ ਨੂੰ ਕੰਮ ਕਰਨ ਰੋਕ ਦਿੱਤਾ ਗਿਆ ਹੈ।

ਮਿਸਰ : ਇਨਫੈਕਟਿਡ ਮਰੀਜ਼ਾਂ ਦੀ ਤਦਾਦ ਇਕ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਹੁਣ ਤਕ ਇਥੇ 5,541 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਿਊਜ਼ੀਲੈਂਡ : ਇਨਫੈਕਸ਼ਨ ਦੇ ਛੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਦੇਸ਼ 'ਚ ਕੁਲ ਮਰੀਜ਼ਾਂ ਦੀ ਗਿਣਤੀ 1,431 ਹੋ ਗਈ ਹੈ।

ਚੀਨ : ਸੋਮਵਾਰ ਨੂੰ 15 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। 175 ਮਰੀਜ਼ਾਂ ਦਾ ਹਾਲੇ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਥੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੁੜ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਕੋਰੋਨਾ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਲੁਕੋਈ ਹੈ।

ਬ੍ਰਾਜ਼ੀਲ : 10,273 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ 310 ਲੋਕਾਂ ਦੀ ਮੌਤ ਹੋਈ ਹੈ। ਬ੍ਰਾਜ਼ੀਲ 'ਚ ਮਰਨ ਵਾਲਿਆਂ ਦੀ ਗਿਣਤੀ 1,26,960 ਹੋ ਗਈ ਹੈ।