ਲੰਡਨ (ਏਜੰਸੀ) : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਹੁਣ ਬਰਤਾਨਵੀ ਸਿੱਕਿਆ 'ਤੇ ਨਜ਼ਰ ਆਉਣਗੇ। ਵਿੱਤ ਮੰਤਰੀ ਰਿਸ਼ੀ ਸੁਨਕ ਦੇ ਦਫ਼ਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਹਾਤਮਾ ਗਾਂਧੀ, ਭਾਰਤੀ ਮੂਲ ਦੇ ਬਰਤਾਨਵੀ ਜਾਸੂਸ ਨੂਰ ਇਨਾਇਤ ਖ਼ਾਨ ਤੇ ਜਮੈਕਨ ਬਰਤਾਨਵੀ ਨਰਸ ਮੈਰੀ ਸੀਕੋਲ ਦੀਆਂ ਪ੍ਰਾਪਤੀਆਂ ਤੇ ਯੋਗਦਾਨ ਦਾ ਜਸ਼ਨ ਮਨਾਉਣ ਦੇ ਯਤਨਾਂ ਸਬੰਧੀ ਇਨ੍ਹਾਂ ਦੀਆਂ ਤਸਵੀਰਾਂ ਵਾਲੇ ਸਿੱਕੇ ਜਾਰੀ ਕੀਤੇ ਜਾਣਗੇ।

ਸੁਨਕ ਨੇ ਇਸ ਲਈ ਰਾਇਲ ਮਿੰਟ ਐਡਵਾਇਜ਼ਰੀ ਕਮੇਟੀ ਨੂੰ ਲਿਖਿਆ ਹੈ ਜਿਹੜੀ ਸਿੱਕਿਆਂ ਲਈ ਥੀਮ ਤੇ ਡਿਜ਼ਾਈਨ ਦੀ ਤਜਵੀਜ਼ ਭੇਜਦੀ ਹੈ। ਸੁਨਕ ਨੇ ਇਹ ਪੱਤਰ 'ਵੀ ਟੂ ਬਿਲਟ ਬਿ੍ਟੇਨ' (ਅਸੀਂ ਵੀ ਬਰਤਾਨੀਆ ਨੂੰ ਬਣਾਇਆ) ਮੁਹਿੰਮ ਦੇ ਸਮਰਥਨ 'ਚ ਲਿਖਿਆ ਹੈ, ਜਿਸ 'ਚ ਬਰਤਾਨਵੀ ਕਰੰਸੀ 'ਤੇ ਗ਼ੈਰ ਬਰਤਾਨਵੀ ਹਸਤੀਆਂ ਨੂੰ ਨੁਮਾਇੰਦਗੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਬਰਤਾਨਵੀ ਸਿੱਕੇ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਦਾ ਸਭ ਤੋਂ ਪਹਿਲਾ ਵਿਚਾਰ ਅਕਤੂਬਰ 2019 'ਚ ਸਾਬਕਾ ਮੰਤਰੀ ਸਾਜਿਦ ਜਾਵੇਦ ਨੇ ਦਿੱਤਾ ਸੀ। ਮੁਹਿੰਮ ਦੀ ਅਗਵਾਈ ਕਰਨ ਵਾਲੀ ਜੇਹਰਾ ਜਾਹਿਦੀ ਨੂੰ ਲਿਖੇ ਪੱਤਰ 'ਚ ਸੁਨਕ ਨੇ ਕਿਹਾ ਕਿ ਸਿਆਹਫਾਮ, ਏਸ਼ੀਅਨ ਤੇ ਦੂਜੇ ਘੱਟ ਗਿਣਤੀ ਭਾਈਚਾਰੇ ਨੇ ਯੂਨਾਈਟਡ ਕਿੰਗਡਮ ਦੇ ਸਾਂਝੇ ਇਤਿਹਾਸਕ 'ਚ ਬਹੁਤ ਯੋਗਦਾਨ ਪਾਇਆ ਹੈ।