ਲੰਡਨ (ਏਜੰਸੀਆਂ) : ਯੂਰਪ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਉਂਦਾ ਜਾ ਰਿਹਾ ਹੈ। ਬਿ੍ਟੇਨ, ਫਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਨਵੇਂ ਮਾਮਲਿਆਂ ਵਿਚ ਤੇਜ਼ ਉਛਾਲ ਦਰਜ ਕੀਤਾ ਜਾ ਰਿਹਾ ਹੈ। ਸਭ ਤੋਂ ਜ਼ਿਆਦਾ ਮਾਮਲੇ ਇੰਗਲੈਂਡ ਵਿਚ ਪਾਏ ਜਾ ਰਹੇ ਹਨ। ਇੱਥੋਂ ਹਫ਼ਤਾਵਾਰੀ ਡਾਟਾ ਤੋਂ ਜ਼ਾਹਿਰ ਹੁੰਦਾ ਹੈ ਕਿ ਨਵੇਂ ਪਾਜ਼ੇਟਿਵ ਮਾਮਲਿਆਂ ਵਿਚ 61 ਫ਼ੀਸਦੀ ਦਾ ਵਾਧਾ ਹੋਇਆ ਹੈ ਜਦਕਿ ਫਰਾਂਸ ਵਿਚ ਬੁੱਧਵਾਰ ਨੂੰ ਫਿਰ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਰੀਜ਼ ਮਿਲੇ ਹਨ। ਉਧਰ, ਸਪੇਨ ਦੀ ਰਾਜਧਾਨੀ ਮੈਡਿ੍ਡ ਵਿਚ ਇਨਫੈਕਸ਼ਨ ਦੀ ਦਰ ਵਧਣ 'ਤੇ ਲਾਕਡਾਊਨ ਲਗਾਉਣ ਦੀ ਤਿਆਰੀ ਹੈ। ਸਰਕਾਰ ਨੇ ਇਸ ਖੇਤਰ ਵਿਚ ਗ਼ੈਰ ਜ਼ਰੂਰੀ ਆਵਾਜਾਈ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ। ਯੂਰਪ ਵਿਚ ਇਨਫੈਕਸ਼ਨ ਦੀ ਸਭ ਤੋਂ ਵੱਧ ਦਰ ਮੈਡਿ੍ਡ ਵਿਚ ਦੱਸੀ ਜਾ ਰਹੀ ਹੈ।

ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਦੇ ਕਹਿਰ 'ਤੇ ਰੋਕ ਲਗਾਉਣ ਦੇ ਯਤਨ ਵਿਚ ਕਈ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ ਇਨਫੈਕਸ਼ਨ ਰੁੱਕਦਾ ਨਹੀਂ ਦਿਸ ਰਿਹਾ ਹੈ। ਤਾਜ਼ਾ ਡਾਟਾ ਅਨੁਸਾਰ ਇੰਗਲੈਂਡ ਵਿਚ 17 ਤੋਂ 23 ਸਤੰਬਰ ਦੌਰਾਨ 31 ਹਜ਼ਾਰ 373 ਨਵੇਂ ਮਰੀਜ਼ ਪਾਏ ਗਏ। ਇਸ ਤੋਂ ਪਹਿਲੇ ਵਾਲੇ ਹਫ਼ਤੇ ਦੀ ਤੁਲਨਾ ਵਿਚ ਹਫ਼ਤਾਵਾਰੀ ਮਾਮਲਿਆਂ ਵਿਚ ਇਹ 61 ਫ਼ੀਸਦੀ ਦਾ ਵਾਧਾ ਦੱਸਿਆ ਗਿਆ ਹੈ। ਬਿ੍ਟੇਨ ਵਿਚ ਹੁਣ ਤਕ ਕੁਲ ਸਾਢੇ ਚਾਰ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ ਹਨ। ਇਨ੍ਹਾਂ ਵਿੱਚੋਂ 42 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ। ਫਰਾਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਬੁੱਧਵਾਰ ਨੂੰ 12 ਹਜ਼ਾਰ 845 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਮੰਗਲਵਾਰ ਨੂੰ ਅੱਠ ਹਜ਼ਾਰ 51 ਅਤੇ ਸੋਮਵਾਰ ਨੂੰ 4,070 ਮਾਮਲੇ ਮਿਲੇ ਸਨ। ਦੇਸ਼ ਭਰ ਵਿਚ ਕੁਲ ਪੰਜ ਲੱਖ 63 ਹਜ਼ਾਰ 335 ਕੋਰੋਨਾ ਪ੍ਰਭਾਵਿਤ ਮਿਲੇ ਹਨ। ਕਰੀਬ 32 ਹਜ਼ਾਰ ਦੀ ਜਾਨ ਗਈ ਹੈ।

ਰੂਸ 'ਚ ਵੀ ਨਵੇਂ ਮਾਮਲਿਆਂ 'ਚ ਉਛਾਲ

ਰੂਸ 'ਚ ਵੀ ਨਵੇਂ ਮਾਮਲਿਆਂ 'ਚ ਉਛਾਲ ਦੇਖਿਆ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਦੇਸ਼ ਵਿਚ 12 ਜੂਨ ਪਿੱਛੋਂ ਵੀਰਵਾਰ ਨੂੰ ਸਭ ਤੋਂ ਜ਼ਿਆਦਾ 8,945 ਨਵੇਂ ਮਰੀਜ਼ ਮਿਲੇ ਹਨ। ਇਸ ਨੂੰ ਲੈ ਕੇ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 11 ਲੱਖ 85 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ਵਿੱਚੋਂ 2,424 ਰਾਜਧਾਨੀ ਮਾਸਕੋ ਵਿਚ ਮਿਲੇ। ਦੇਸ਼ ਵਿਚ ਹੁਣ ਤਕ 20 ਹਜ਼ਾਰ 891 ਪੀੜਤਾਂ ਦੀ ਜਾਨ ਗਈ ਹੈ।

ਸੰਯੁਕਤ ਅਰਬ ਅਮੀਰਾਤ : ਮਹਾਮਾਰੀ ਸ਼ੁਰੂ ਹੋਣ ਪਿੱਛੋਂ ਇਸ ਖਾੜੀ ਦੇਸ਼ ਵਿਚ ਪਹਿਲੀ ਵਾਰ ਇਕ ਦਿਨ ਵਿਚ 1,100 ਨਵੇਂ ਪਾਜ਼ੇਟਿਵ ਮਾਮਲੇ ਮਿਲੇ ਹਨ। ਇੱਥੇ ਕੁਲ 94 ਹਜ਼ਾਰ 190 ਕੇਸ ਮਿਲੇ ਹਨ।

ਨੇਪਾਲ : ਪਿਛਲੇ 24 ਘੰਟਿਆਂ ਵਿਚ 1,911 ਨਵੇਂ ਕੇਸ ਮਿਲਣ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 80 ਹਜ਼ਾਰ ਦੇ ਕਰੀਬ ਪੁੱਜ ਗਈ। ਇਸ ਹਿਮਾਚਲੀ ਦੇਸ਼ ਵਿਚ ਕੁਲ 509 ਲੋਕਾਂ ਦੀ ਮੌਤ ਹੋਈ ਹੈ।

ਮਲੇਸ਼ੀਆ : ਦੇਸ਼ ਵਿਚ ਜੂਨ ਪਿੱਛੋਂ ਪਹਿਲੀ ਵਾਰ ਵੀਰਵਾਰ ਨੂੰ 260 ਨਵੇਂ ਮਾਮਲੇ ਮਿਲੇ। ਅਧਿਕਾਰੀਆਂ ਨੇ ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ।

ਅਰਜਨਟੀਨਾ : ਇਸ ਲਾਤੀਨੀ ਅਮਰੀਕੀ ਦੇਸ਼ ਵਿਚ 14 ਹਜ਼ਾਰ 392 ਨਵੇਂ ਪੀੜਤ ਮਿਲਣ ਨਾਲ ਰੋਗੀਆਂ ਦੀ ਗਿਣਤੀ ਸਾਢੇ ਸੱਤ ਲੱਖ ਦੇ ਪਾਰ ਪੁੱਜ ਗਈ ਹੈ। ਇੱਥੇ ਕੁਲ 17 ਹਜ਼ਾਰ ਦੀ ਜਾਨ ਗਈ ਹੈ।