ਲੰਡਨ, ਆਈਏਐੱਨਐੱਨਸ : ਖੋਜੀਆਂ ਨੇ 90 ਮਿੰਟ 'ਚ ਹੋਣ ਵਾਲੇ ਹਾਈ ਸਪੀਡ ਕੋਵਿਡ-19 ਟੈਸਟ ਦੀ ਪ੍ਰਕਿਰਿਆ ਲੱਭ ਲਈ ਹੈ ਜਿਸ ਲਈ ਲੈਬ ਦੀ ਜ਼ਰੂਰਤ ਨਹੀਂ ਪਵੇਗੀ ਤੇ ਮੋਬਾਈਲ ਫੋਨ ਤੋਂ ਵੀ ਛੋਟੀ ਕਾਰਟਿਜ ਜ਼ਰੀਏ ਇਸ ਨੂੰ ਕੀਤਾ ਜਾ ਸਕੇਗਾ। ਇਹ ਸਟੱਡੀ ਇਕ ਜਰਨਲ ਲਾਂਸੇਟ ਮਾਈਕ੍ਰੋਬ 'ਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਪਤਾ ਚੱਲਿਆ ਹੈ ਕਿ Lab-in-Cartridge ਰੈਪਿਡ ਟੈਸਟਿੰਗ ਡਿਵਾਈਸ ਮਰੀਜ਼ ਦੇ ਬੈੱਡ ਨੇੜੇ ਰੱਖੀ ਜਾ ਸਕਦੀ ਹੈ ਤੇ ਇਹ 94 ਫ਼ੀਸਦੀ ਸੈਂਸਟੀਵਿਟੀ ਤੇ 100 ਫ਼ੀਸਦੀ ਸਟੀਕਤਾ ਦੇ ਨਾਲ ਕੋਵਿਡ-19 ਟੈਸਟ ਦਾ ਨਤੀਜਾ ਦਿੰਦੀ ਹੈ।

ਨਾਲ ਹੀ ਇਹ ਕਿਸੇ ਤਰ੍ਹਾਂ ਨਾਲ ਸ਼ੱਕੀ ਨਤੀਜਾ ਨਹੀਂ ਦੇਵੇਗੀ। ਟੈਸਟ ਲਈ ਮਰੀਜ਼ ਦੇ ਨੱਕ ਦਾ ਸਵਾਬ (Swab) ਲੈ ਕੇ ਡਿਵਾਈਸ 'ਚ ਪਾਉਣਾ ਪੈਂਦਾ ਹੈ। ਇਸ ਵਿਚ SARS-CoV-2 ਦੇ ਜੀਨ ਨੂੰ ਟਰੇਸ ਕੀਤਾ ਜਾਂਦਾ ਹੈ ਜਿਸ ਕਾਰਨ ਕੋਵਿਡ-19 ਬਿਮਾਰੀ ਹੁੰਦੀ ਹੈ। ਇਸ ਟੈਸਟ ਦੀ ਖ਼ੂਬੀ ਇਹ ਹੈ ਕਿ ਸਿਰਫ਼ 90 ਮਿੰਟ 'ਚ ਇਸ ਦਾ ਨਤੀਜਾ ਸਾਹਮਣੇ ਆ ਜਾਵੇਗਾ। ਦੱਸ ਦੇਈਏ ਕਿ ਮੌਜੂਦਾ ਟੈਸਟ ਦੀ ਪ੍ਰਕਿਰਿਆ 'ਚ 24 ਘੰਟੇ ਦਾ ਸਮਾਂ ਲਗਦਾ ਹੈ।

ਬ੍ਰਿਟੇਨ ਦੇ ਕਿੰਗਜ਼ ਕਾਲਜ, ਲੰਡਨ ਦੇ ਰਿਸਰਚਰ ਗ੍ਰਾਹਮ ਕੁੱਕ ਨੇ ਕਿਹਾ ਕਿ ਇਹ ਡਿਵਾਈਸ ਸਟੀਕ ਟੈਸਟ ਰਿਪੋਰਟ ਦਿੰਦੀ ਹੈ। ਸਟੱਡੀ ਅਨੁਸਾਰ ਇਸ ਡਿਵਾਈਸ ਦਾ ਇਸਤੇਮਾਲ ਕੋਵਿਡ-19 ਸ਼ੱਕੀ 280 NHS ਸਟਾਫ ਮੈਂਬਰਾਂ 'ਤੇ ਕੀਤਾ ਗਿਆ। ਰੈਪਿਡ ਟੈਸਟਿੰਗ ਡਿਵਾਈਸ 'CovidNudge test' ਤੇ ਸਟੈਂਡਰਡ ਹੌਸਪਿਟਲ ਲੈਬ ਦੇ ਉਪਕਰਨ ਦੇ ਨਤੀਜਿਆਂ ਦੀ ਤੁਲਨਾ ਕੀਤੀ ਗਈ। ਰਿਜ਼ਲਟ 'ਚ 67 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਪਰ ਸਟੈਂਡਰਡ ਲੈਬ ਮਸ਼ੀਨਾਂ ਦੇ ਰਿਜ਼ਲਟ 'ਚ 71 ਮਾਮਲੇ ਪਾਜ਼ੇਟਿਵ ਪਾਏ ਗਏ।

ਆਲਮੀ ਪੱਧਰ 'ਤੇ ਸ਼ੁੱਕਰਵਾਰ ਸਵੇਰ ਤਕ ਦੁਨੀਆ ਭਰ 'ਚ ਕੋਵਿਡ-19 ਇਨਫੈਕਟਿਡਾਂ ਦਾ ਅੰਕੜਾ 3 ਕਰੋੜ ਦੇ ਪਾਰ ਚਲਾ ਗਿਆ। ਇਹ ਜਾਣਕਾਰੀ ਅਮਰੀਕਾ ਦੀ ਜੌਨਸ ਹੌਪਕਿੰਸ ਯੂਨੀਵਰਸਿਟੀ ਨੇ ਦਿੱਤੀ ਹੈ। ਯੂਨੀਵਰਸਿਟੀ ਦੇ ਡਾਟਾ ਅਨੁਸਾਰ, ਹੁਣ ਤਕ ਦੁਨੀਆ ਭਰ 'ਚ ਕੋਵਿਡ-19 ਕਾਰਨ ਕੁੱਲ 9 ਲੱਖ 44 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨਫੈਕਟਿਡ ਦੇਸ਼ਾਂ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਅਮਰੀਕਾ ਹੈ। ਇੱਥੇ ਕੁੱਲ ਪੀੜਤਾਂ ਦੀ ਗਿਣਤੀ 66 ਲੱਖ 74 ਹਜ਼ਾਰ 70 ਹੈ ਤੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 97 ਹਜ਼ਾਰ 6 ਸੌ 15 ਹੈ।

Posted By: Seema Anand