ਲੰਡਨ (ਰਾਇਟਰ) : ਅੰਤਿਮ ਸੰਸਕਾਰ ਦੇ ਨਾਲ ਹੀ ਸੋਮਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੀ ਹਸਤੀ ਇਤਿਹਾਸ ਦੇ ਸਫ਼ਿਆਂ ਦਾ ਹਿੱਸਾ ਬਣ ਗਈ। ਦੇਸ਼-ਵਿਦੇਸ਼ ਦੇ ਦੋ ਹਜ਼ਾਰ ਤੋਂ ਜ਼ਿਆਦਾ ਆਗੂਆਂ, ਪਤਵੰਤਿਆਂ ਤੇ ਲੱਖਾਂ ਹੋਰ ਲੋਕਾਂ ਨੇ ਨਮ ਅੱਖਾਂ ਨਾਲ ਮਹਾਰਾਣੀ ਐਲਿਜ਼ਾਬੈੱਥ ਦੀ ਦੇਹ ਨੂੰ ਵਿਦਾ ਕੀਤਾ। ਵਿਦਾਈ ਦੇ ਸਮੇਂ ਕੁਝ ਅਜਿਹਾ ਵੀ ਹੋਇਆ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ ਸੀ। ਜਿਹੜਾ ਸੰਗੀਤ 1947 ’ਚ ਮਹਾਰਾਣੀ ਦੇ ਵਿਆਹ ਸਮੇਂ ਵੱਜਿਆ, ਉਹੀ ਸੰਗੀਤ ਛੇ ਸਾਲ ਬਾਅਦ 1953 ’ਚ ਉਨ੍ਹਾਂ ਦੇ ਗੱਦੀ ’ਤੇ ਬੈਠਣ ਸਮੇਂ ਵੱਜਿਆ ਤੇ ਸੰਗੀਤ ਦੀ ਉਹੀ ਧੁਨ ਹੁਣ ਉਨ੍ਹਾਂ ਦੇ ਸਸਕਾਰ ਦੇ ਸਮੇਂ ਵਜਾਈ ਗਈ।

ਮਹਾਰਾਣੀ ਐਲਿਜ਼ਾਬੈੱਥ ਦੇ 70 ਸਾਲ ਦੇ ਸ਼ਾਸਨਕਾਲ ਦੀਆਂ ਖ਼ੂਬੀਆਂ ਸਨ ਕਿ ਪਿਛਲੇ ਬੁੱਧਵਾਰ ਤੋਂ ਹੁਣ ਤਕ ਉਨ੍ਹਾਂ ਨੂੰ ਸ਼ਰਧਾਂਜਲੀ ਤੇ ਵਿਦਾਈ ਦੇਣ ਲਈ ਦਰਜਨਾਂ ਦੇਸ਼ਾਂ ਦੇ ਲੋਕ ਬਰਤਾਨੀਆ ਆਏ। ਇਨ੍ਹਾਂ ’ਚ ਤਾਇਵਾਨ ਵਰਗਾ ਦੁਨੀਆ ਦਾ ਉਹ ਖ਼ੁਦਮੁਖ਼ਤਾਰ ਹਿੱਸਾ ਵੀ ਹੈ ਜਿੱਥੇ ਮਹਾਰਾਣੀ ਸ਼ਾਇਦ ਕਦੇ ਨਹੀਂ ਗਈ ਤੇ ਨਾ ਹੀ ਉਸ ਦੀ ਖ਼ੁਦਮੁਖ਼ਤਾਰੀ ਨੂੰ ਬਰਤਾਨੀਆ ਨੇ ਮਾਨਤਾ ਦਿੱਤੀ। ਯੂਨਾਈਟਿਡ ਕਿੰਗਡਮ (ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ) ਤੇ ਹੋਰ 14 ਦੇਸ਼ਾਂ ’ਚ ਰਾਜਸ਼ਾਹੀ ਦੇ ਨਾਲ ਹੀ ਲੋਕਤੰਤਰੀ ਵਿਵਸਥਾ ਨੂੰ ਮਜ਼ਬੂਤ ਕਰਨ ’ਚ ਮਹਾਰਾਣੀ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੇਲਬੀ ਨੇ ਅੰਤਿਮ ਪ੍ਰਾਰਥਨਾ ’ਚ ਮਹਾਰਾਣੀ ਦੀ ਸ਼ਖ਼ਸੀਅਤ ਨਾਲ ਜੁੜੀਆਂ ਇਨ੍ਹਾਂ ਗੱਲਾਂ ਦਾ ਵੀ ਜ਼ਿਕਰ ਕੀਤਾ। ਦੱਸਿਆ ਕਿ ਕਿਨ੍ਹਾਂ ਕਾਰਨਾਂ ਕਰ ਕੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਸਨ। ਕਿੰਗ ਚਾਰਲਸ ਨੇ ਵੀ ਆਪਣੀ ਮਾਂ ਨਾਲ ਜੁੜੇ ਪਿਆਰ ਦੀ ਗਰਮੀ ਨੂੰ ਮਹਿਸੂਸ ਕੀਤਾ। ਕਿਹਾ, ਲੋਕਾਂ ਦਾ ਪਿਆਰ ਤੇ ਸਮਰਥਨ ਦਿਲ ਨੂੰ ਛੂਹਣ ਵਾਲਾ ਹੈ।

ਕਰੀਬ ਪੰਜ ਦਿਨਾਂ ਤਕ ਆਮ ਲੋਕਾਂ ਦੀ ਸ਼ਰਧਾ ਦਾ ਕੇਂਦਰ ਰਹੀ ਮਹਾਰਾਣੀ ਦੀ ਦੇਹ ਸੋਮਵਾਰ ਸਵੇਰੇ ਮਹਾਰਾਣੀ ਦੇ ਤਾਬੂਤ ਨੂੰ ਬਰਤਾਨਵੀ ਜਲ ਸੈਨਾ ਦੇ ਫ਼ੌਜੀ ਖਿੱਚ ਰਹੇ ਸਨ। ਪੂਰਨ ਰਾਸ਼ਟਰੀ ਸਨਮਾਨ ਦੇ ਨਾਲ ਸ਼ੁਰੂ ਹੋਈ ਸਸਕਾਰ ਦੀ ਪ੍ਰਕਿਰਿਆ ’ਚ ਜ਼ਿਆਦਾਤਰ ਲੋਕਾਂ ਨੇ ਜ਼ਿੰਦਗੀ ’ਚ ਪਹਿਲੀ ਵਾਰੀ ਏਨੀ ਵੱਡੀ ਗਿਣਤੀ ’ਚ ਬਰਤਾਨਵੀ ਫ਼ੌਜੀਆਂ ਨੂੰ ਸ਼ਾਹੀ ਪ੍ਰੋਗਰਾਮ ’ਚ ਪਾਈ ਜਾਣ ਵਾਲੀ ਪੋਸ਼ਾਕ ’ਚ ਦੇਖਿਆ। ਇਹ ਫ਼ੌਜੀ ਮਾਰਚਿੰਗ ਬੈਂਡ ਦੇ ਧੁਨ ’ਤੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਸਨ। ਮਸ਼ਹੂਰ ਬਿੱਗ ਬੇਨ ਦਾ ਘੰਟਾ ਵੀ ਹਰ ਮਿੰਟ ਤੋਂ ਬਾਅਦ ਵੱਜ ਰਿਹਾ ਸੀ। ਤੋਪਗੱਡੀ ਦੇ ਪਿੱਛੇ ਕਿੰਗ ਚਾਰਲਸ ਤੇ ਰਾਜ ਪਰਿਵਾਰ ਦੇ ਸਾਰੇ ਸੀਨੀਅਰ ਮੈਂਬਰ ਚੱਲ ਰਹੇ ਸਨ। ਜਦਕਿ ਲੱਖਾਂ ਲੋਕ ਸੜਕ ਦੇ ਦੋਵੇਂ ਪਾਸੇ ਆਪਣੀ ਮਹਾਰਾਣੀ ਨੂੰ ਅੰਤਿਮ ਵਿਦਾਈ ਲਈ ਸ਼ਾਂਤ ਖੜ੍ਹੇ ਸਨ।

ਵੈਸਟਮਿੰਸਟਰ ਏਬੇ ਨੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਮਗਰੋਂ ਮਹਾਰਾਣੀ ਦੀ ਦੇਹ ਵੈਲਿੰਗਟਨ ਆਰਕ ਲਈ ਰਵਾਨਾ ਹੋਈ ਤੇ ਉੱਥੋਂ ਵਿੰਡਸਰ ਲਈ। ਸਾਰੀਆਂ ਥਾਵਾਂ ’ਤੇ ਸੜਕ ਦੇ ਦੋਵੇਂ ਪਾਸੇ ਮੌਜੂਦ ਲੋਕਾਂ ਨੇ ਗ਼ਮਗੀਨ ਮਾਹੌਲ ’ਚ ਮਹਾਰਾਣੀ ਨੂੰ ਵਿਦਾ ਕੀਤਾ। ਵਿੰਡਸਰ ਪੈਲਸ ਕੰਪਲੈਕਸ ’ਚ ਸਥਿਤ ਸੇਂਟ ਜਾਰਜ ਚੈਪਲ ’ਚ ਮਹਾਰਾਣੀ ਦੀ ਦੇਹ ਰਵਾਇਤੀ ਰੂਪ ਨਾਲ ਧਰਤੀ ਦੇ ਹਵਾਲੇ ਕਰ ਦਿੱਤੀ ਗਈ। ਮਹਾਰਾਣੀ ਨੂੰ ਪਤੀ ਪਿ੍ੰਸ ਫਿਲਿਪ ਦੇ ਨਾਲ ਹੀ ਦਫ਼ਨਾਇਆ ਗਿਆ।

Posted By: Shubham Kumar