ਲੰਡਨ (ਏਜੰਸੀ) : ਬਰਤਾਨੀਆ ਦੀ ਬਜ਼ੁਰਗ ਮਹਾਰਾਣੀ ਐਲਿਜ਼ਾਬੈਥ ਦੂਜੀ (95) ਦੇ ਦੇਹਾਂਤ ਤੋਂ ਬਾਅਦ ਦੀਆਂ ਰਸਮਾਂ ’ਚ ਪ੍ਰਸ਼ਾਸਨ ਨੇ ਜਿਹੜੀ ਯੋਜਨਾ ਬਣਾਈ ਹੈ ਉਹ ਜਨਤਕ ਹੋ ਗਈ ਹੈ। ਇਸ ਬਾਰੇ ਸਰਕਾਰ ਦੀ ਕਾਫੀ ਫਜੀਹਤ ਹੋ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਇਸ ਬਾਰੇ ਉਹ ਕਿਸ ਤਰ੍ਹਾਂ ਦੀ ਸਫਾਈ ਦੇਵੇ ਦੇ ਖੇਦ ਪ੍ਰਗਟ ਕਰੇ।

ਯੋਜਨਾ ਮੁਤਾਬਕ ਬ੍ਰਿਟਿਸ਼ ਸਾਮਰਾਜ ਦੀ ਸਭ ਤੋਂ ਲੰਬੇ ਸਮੇਂ ਤਕ ਅਗਵਾਈ ਕਰਨ ਵਾਲੀ ਮਹਾਰਾਣੀ ਨੂੰ ਦੇਹਾਂਤ ਦੇ ਦੱਸ ਦਿਨ ਬਾਅਦ ਦਫ਼ਨਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਤੇ ਵਾਰਸ ਪ੍ਰਿੰਸ ਚਾਰਲਸ ਬ੍ਰਿਟਿਸ਼ ਸਾਮਰਾਜ ਦੇ ਚਾਰ ਦੇਸ਼ਾਂ ਦਾ ਦੌਰਾ ਕਰਨਗੇ। ਤਿੰਨ ਤਕ ਮਹਾਰਾਣੀ ਦੀ ਦੇਹ ਲੰਡਨ ਸਥਿਤ ਸੰਸਦ ’ਚ ਰੱਖੀ ਜਾਵੇਗੀ ਜਿੱਥੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਦੇ ਪ੍ਰਮੁੱਖ ਲੋਕ ਸ਼ਰਧਾਂਜਲੀ ਦੇਣਗੇ। ਇੱਥੇ ਦੇਸ਼ ਦੇ ਨਾਗਰਿਕਾਂ ਨੂੰ ਵੀ ਜਾਣ ਦੀ ਇਜਾਜ਼ਤ ਹੋਵੇਗੀ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਬੰਦੋਬਸਤ ਲਈ ਵੀ ਯੋਜਨਾ ਤਿਆਰ ਕੀਤੀ ਗਈ ਹੈ। ਨਾਲ ਹੀ ਲੰਡਨ ’ਚ ਖਾਣ-ਪੀਣ ਦੇ ਸਾਮਾਨ ਦੀ ਕਮੀ ਨਾ ਹੋਵੇ, ਇਸ ਲਈ ਵੱਖਰੀ ਯੋਜਨਾ ਬਣਾਈ ਗਈ ਹੈ। ਕਿਉਂਕਿ ਪੂਰੇ ਬ੍ਰਿਟਿਸ਼ ਸਾਮਰਾਜ ਤੋਂ ਲੱਖਾਂ ਲੋਕ ਸੰਵੇਦਨਾ ਪ੍ਰਗਟ ਕਰਨ ਤੇ ਅੰਤਿਮ ਯਾਤਰਾ ’ਚ ਹਿੱਸਾ ਲੈਣ ਲਈ ਲੰਡਨ ਆ ਸਕਦੇ ਹਨ, ਇਨ੍ਹਾਂ ’ਚ ਕਈ ਹਜ਼ਾਰ ਪ੍ਰਮੁੱਖ ਲੋਕ ਹੋਣਗੇ। ਮਰਹੂਮ ਮਹਾਰਾਣੀ ਲਈ ਲੰਡਨ ਦੇ ਸੇਂਟ ਪਾਲ ਗਿਰਜਾਘਰ ’ਚ ਪ੍ਰਾਰਥਨਾ ਵੀ ਬਹੁਤ ਖ਼ਾਸ ਹੋਵੇਗੀ ਤੇ ਕਈ ਖ਼ਾਸ ਲੋਕ ਉਸ ’ਚ ਸ਼ਾਮਲ ਹੋਣਗੇ। ਮਹਾਰਾਣੀ ਦੇ ਦੇਹਾਂਤ ਦੇ ਦਿਨ ਰਾਸ਼ਟਰੀ ਸ਼ੋਕ ਐਲਾਨਿਆ ਜਾਵੇਗਾ ਤੇ ਉਸ ਦਿਨ ਜਨਤਕ ਛੁੱਟੀ ਵੀ ਹੋਵੇਗੀ। ਮਹਾਰਾਣੀ ਦੇ ਦੇਹਾਂਤ ਵਾਲੇ ਦਿਨ ਨੂੰ ਡੀ ਡੇਅ ਕਿਹਾ ਜਾਵੇਗਾ ਤੇ ਅੰਤਿਮ ਸੰਸਕਾਰ ਦੀ ਤਿਆਰੀਆਂ ਨਾਲ ਜੁੜੀਆਂ ਸਰਗਰਮੀਆਂ ਨੂੰ ਆਪ੍ਰੇਸ਼ਨ ਲੰਡਨ ਬ੍ਰਿਜ ਕਿਹਾ ਜਾਵੇਗਾ। ਇਸ ਯੋਜਨਾ ਦੀ ਜਾਣਕਾਰੀ ਅਮਰੀਕਾ ਦੀ ਪੱਤ੍ਰਿਕਾ ਪੋਲਿਟੀਕੋ ਤੋਂ ਮਿਲੀ ਹੈ। ਪਰ ਮਹਾਰਾਣੀ ਦੀ ਅਧਿਕਾਰਤ ਰਿਹਾਇਸ਼ ਬਕਿੰਘਮ ਪੈਲੇਸ ਨੇ ਇਸ ਤਰ੍ਹਾਂ ਦੀ ਕਿਸੇ ਯੋਜਨਾ ਤੋਂ ਇਨਕਾਰ ਕੀਤਾ ਹੈ।

Posted By: Jatinder Singh