ਲੰਡਨ (ਪੀਟੀਆਈ) : ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮ ਦਿਨ 'ਤੇ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਸੂਚੀ ਸ਼ਨਿਚਰਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ। ਇਸ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਈਕੋਸਿਸਟਮ ਸਾਇੰਸ ਦੇ ਪ੍ਰੋਫੈਸਰ ਯਾਦਵਿੰਦਰ ਸਿੰਘ ਮੱਲ੍ਹੀ ਤੇ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਸ਼ਾਮਲ ਹਨ। ਬਲੇਕਬਰਨ ਦੇ ਰਹਿਣ ਵਾਲੇ ਇਨ੍ਹਾਂ ਭਰਾਵਾਂ ਦੇ ਪਿਤਾ 1970 'ਚ ਗੁਜਰਾਤ ਤੋਂ ਯੂਕੇ ਆਏ ਸਨ ਤੇ ਉਨ੍ਹਾਂ ਪੈਟਰੋਲ ਸਟੇਸ਼ਨਾਂ ਦੀ ਯੂਰੋ ਗੈਰੇਜ ਚੇਨ ਸ਼ੁਰੂ ਕੀਤੀ ਸੀ। ਪ੍ਰੋਫੈਸਰ ਯਾਦਵਿੰਦਰ ਸਿੰਘ ਮੱਲ੍ਹੀ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਈਕੋਸਿਸਟਮ ਸਾਇੰਸ ਲਈ ਦਿੱਤੀਆਂ ਅਹਿਮ ਸੇਵਾਵਾਂ ਲਈ ਦਿੱਤਾ ਜਾ ਰਿਹਾ ਹੈ। ਪ੍ਰੋ. ਮੱਲ੍ਹੀ ਨੂੰ ਇਸ ਸਾਲ ਦੇ ਸ਼ੁਰੂ ਵਿਚ ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦਾ ਟਰੱਸਟੀ ਨਿਯੁਕਤ ਕੀਤਾ ਗਿਆ ਸੀ। 74 ਸਾਲਾਂ ਦੇ ਪ੍ਰੋਫੈਸਰ ਮੱਲ੍ਹੀ ਨੂੰ ਐੱਮਬੀਈ (ਮੈਂਬਰ ਆਫ ਦ ਆਰਡਰ ਆਫ ਦੀ ਬਿ੍ਟਿਸ਼ ਅੰਪਾਇਰ) ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਦੀਪ ਸਿੰਘ ਡੇਹੇਲੇ ਨੂੰ ਲਾਕਡਾਊਨ ਦੌਰਾਨ ਗੁਰਦੁਆਰੇ ਬੰਦ ਹੋਣ 'ਤੇ ਅਰਦਾਸ ਲਈ ਆਨਲਾਈਨ ਪੋਰਟਲ ਚਾਲੂ ਕਰਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਪੋਰਟਲ ਸਿੱਖਾਂ ਦੇ ਨਿੱਤਨੇਮ ਵਿਚ ਰੁਕਾਵਟ ਨਾ ਪਵੇ, ਇਸ ਲਈ ਚਾਲੂ ਕੀਤਾ ਸੀ। ਬਿੰਟੀ ਦੀ ਸੰਸਥਾਪਕ ਮਨਜੀਤ ਕੌਰ ਗਿੱਲ ਨੂੰ ਅੌਰਤਾਂ ਲਈ ਦਿੱਤੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਹੈਲਥ ਕੇਅਰ ਲਈ ਸੇਵਾਵਾਂ ਦੇਣ ਵਾਲੀਆਂ 740 ਅੌਰਤਾਂ ਨੂੰ ਵੀ ਇਸ ਮੌਕੇ ਸਨਮਾਨਿਤ ਕਰਨ ਦਾ ਪ੍ਰੋਗਰਾਮ ਹੈ।