ਐਡਿਨਬਰਗ (ਆਈਏਐੱਨਐੱਸ) : ਬਿ੍ਟੇਨ ਦੇ 47 ਸਾਲ ਬਾਅਦ ਯੂਰਪੀ ਯੂਨੀਅਨ (ਈਯੂ) ਤੋਂ ਅਲੱਗ ਹੋਣ ਦੇ ਇਕ ਦਿਨ ਬਾਅਦ ਹੀ ਇਸ ਦੇ ਖ਼ਿਲਾਫ਼ ਆਵਾਜ਼ ਉੱਠਣ ਲੱਗੀ ਹੈ। ਸਕਾਟਲੈਂਡ ਦੀ ਰਾਜਧਾਨੀ ਐਡਿਨਬਰਗ ਵਿਚ ਸ਼ਨਿਚਰਵਾਰ ਨੂੰ ਈਯੂ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਨੇ ਜੋ ਬੈਨਰ ਲੈ ਰੱਖੇ ਸਨ ਉਨ੍ਹਾਂ ਵਿਚ ਲਿਖਿਆ ਸੀ ਕਿ ਸਕਾਟਲੈਂਡ ਦੇ ਲੋਕ ਹੁਣ ਵੀ ਈਯੂ ਨੂੰ ਪਿਆਰ ਕਰਦੇ ਹਨ। ਜੂਨ, 2016 ਵਿਚ ਹੋਈ ਰਾਇਸ਼ੁਮਾਰੀ ਦੌਰਾਨ ਸਕਾਟਲੈਂਡ ਦੇ 62 ਫ਼ੀਸਦੀ ਲੋਕਾਂ ਨੇ ਯੂਰਪੀ ਯੂਨੀਅਨ ਨਾਲ ਬਣੇ ਰਹਿਣ ਦੇ ਪੱਖ ਵਿਚ ਵੋਟ ਦਿੱਤਾ ਸੀ।

ਖੇਤਰੀ ਸੰਸਦ ਭਵਨ ਕੋਲ ਵਿਰੋਧ ਪ੍ਰਦਰਸ਼ਨ ਦੌਰਾਨ ਸਕਾਟਲੈਂਡ ਦੇ ਲੋਕਾਂ ਨੇ ਬਿ੍ਟੇਨ ਤੋਂ ਅਲੱਗ ਹੋਣ ਦੇ ਸੰਦਰਭ ਵਿਚ ਫਿਰ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੀ ਇਸ ਮੰਗ 'ਤੇ ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ 2014 ਵਿਚ ਤਦ ਖ਼ਤਮ ਹੋ ਗਿਆ ਸੀ ਜਦੋਂ ਸਕਾਟਲੈਂਡ ਦੇ 55 ਫ਼ੀਸਦੀ ਲੋਕਾਂ ਨੇ ਬਿ੍ਟੇਨ ਤੋਂ ਅਲੱਗ ਹੋਣ ਦੀ ਮੰਗ ਖ਼ਾਰਜ ਕਰ ਦਿੱਤੀ ਸੀ ਪ੍ਰੰਤੂ ਸਕਾਟਲੈਂਡ ਸਰਕਾਰ ਦੀ ਮੁਖੀ ਨਿਕੋਲ ਸਟਰਜਨ ਨੇ ਕਿਹਾ ਕਿ ਈਯੂ ਤੋਂ ਅਲੱਗ ਹੋਣ ਪਿੱਛੋਂ ਦੀਆਂ ਸਥਿਤੀਆਂ ਪੂਰੀ ਤਰ੍ਹਾਂ ਬਦਲ ਗਈਆਂ ਹਨ। ਇਸ ਲਈ ਦੁਬਾਰਾ ਰਾਇਸ਼ੁਮਾਰੀ ਕਰਵਾਉਣ 'ਚ ਕੋਈ ਬੁਰਾਈ ਨਹੀਂ ਹੈ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਮੌਜੂਦਾ ਸਥਿਤੀ 'ਤੇ ਮੈਨੂੰ ਦੁੱਖ ਹੈ ਪ੍ਰੰਤੂ ਅਸੀਂ ਛੇਤੀ ਹੀ ਈਯੂ ਵਿਚ ਫਿਰ ਤੋਂ ਸ਼ਾਮਲ ਹੋਣ ਜਾ ਰਹੇ ਹਾਂ। ਸਕਾਟਲੈਂਡ ਸ਼ੁਰੂਆਤ ਤੋਂ ਹੀ ਈਯੂ ਦਾ ਹਿੱਸਾ ਰਿਹਾ ਹੈ। ਵੀਰਵਾਰ ਨੂੰ ਪ੍ਰਕਾਸ਼ਿਤ ਇਕ ਸਰਵੇ ਵਿਚ 51 ਫ਼ੀਸਦੀ ਲੋਕਾਂ ਨੇ ਬਿ੍ਟੇਨ ਤੋਂ ਅਲੱਗ ਹੋਣ ਦੇ ਪੱਖ ਵਿਚ ਆਪਣੀ ਰਾਇ ਪ੍ਰਗਟ ਕੀਤੀ ਹੈ।