ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ (Nirav Modi) ਨੂੰ ਭਾਰਤ ਲਿਆਉਣ ਦੀ ਤਿਆਰੀ ਹੋ ਚੁੱਕੀ ਹੈ। ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਦੋ ਅਰਬ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Jhonson) ਭਾਰਤ ਦੀ ਯਾਤਰਾ ਕਰਨ ਵਾਲੇ ਹਨ। ਉਨ੍ਹਾਂ ਦੀ ਇਸ ਯਾਤਰਾ ਤੋਂ ਠੀਕ ਪਹਿਲਾਂ ਦੇਸ਼ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ (Priti Patel) ਨੇ ਨੀਰਵ ਮੋਦੀ ਦੀ ਹਵਾਲਗੀ 'ਤੇ ਦਸਤਖ਼ਤ ਕਰ ਦਿੱਤੇ ਹਨ। ਅਜਿਹੇ ਵਿਚ ਚਾਰ-ਚੁਫੇਰੇ ਪ੍ਰੀਤੀ ਪਟੇਲ ਦੀ ਚਰਚਾ ਹੋ ਰਹੀ ਹੈ। ਭਾਰਤੀ ਮੂਲ ਦੀ ਪ੍ਰੀਤੀ ਪਟੇਲ ਬ੍ਰਿਟੇਨ ਦੇ ਸਭ ਤੋਂ ਸ਼ਕਤੀਸ਼ਾਲੀ ਮੰਤਰਾਲੇ ਵਾਲੇ ਗ੍ਰਹਿ ਮੰਤਰਾਲੇ ਨੂੰ ਸੰਭਾਲ ਰਹੀ ਹਨ। ਅਜਿਹੇ ਵਿਚ ਆਓ ਜਾਣਦੇ ਹਾਂ ਕਿ ਕੌਣ ਹੈ ਪ੍ਰੀਤੀ ਪਟੇਲ?

ਬ੍ਰਿਟੇਨ ਦੀ ਪਹਿਲੀ ਬ੍ਰਿਟਿਸ਼ ਭਾਰਤੀ ਕੈਬਨਿਟ ਮੰਤਰੀ ਤੇ ਪਹਿਲੀ ਗੁਜਰਾਤੀ ਮਹਿਲਾ ਐੱਮਪੀ ਪ੍ਰੀਤੀ ਪਟੇਲ ਨੇ ਬ੍ਰਿਟਿਸ਼ ਰਾਜਨੀਤੀ 'ਚ ਸਿਖਰ ਤਕ ਪਹੁੰਚਣ ਲਈ ਕਈ ਅੜਿੱਕਿਆਂ ਨੂੰ ਪਾਰ ਕੀਤਾ ਹੈ। 2016 'ਚ ਉਹ 'ਇੰਟਰਨੈਸ਼ਨਲ ਡਿਵੈਲਪਮੈਂਟ ਸੈਕਰੇਟਰੀ' ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਭਾਰਤੀ ਕੈਬਨਿਟ ਮੰਤਰੀ ਬਣੀ। ਜੁਲਾਈ 2019 'ਚ 48 ਸਾਲਾ ਪ੍ਰੀਤੀ ਪਟੇਲ ਨੇ ਇਤਿਹਾਸ ਰਚ ਦਿੱਤਾ ਜਦੋਂ ਉਨ੍ਹਾਂ ਨੂੰ ਬੋਰਿਸ ਜੌਨਸਨ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ।

ਪ੍ਰੀਤੀ ਪਟੇਲ ਦੇ ਹੱਥ 'ਚ ਹੈ ਬ੍ਰਿਟੇਨ ਦੀ ਸੁਰੱਖਿਆ, ਅਪਰਾਧ, ਅੱਤਵਾਦ ਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ ਨੂੰ ਦੇਖਣਾ ਹੈ। ਨਾਲ ਹੀ ਉਨ੍ਹਾਂ ਨੂੰ ਨੀਰਵ ਮੋਦੀ ਦੀ ਹਵਾਲਗੀ ਨਾਲ ਜੁੜਿਆ ਫ਼ੈਸਲਾ ਵੀ ਲੈਣਾ ਸੀ। ਪਟੇਲ ਇਕ ਵਰਕਿੰਗ ਕਲਾਸ ਪਰਿਵਾਰ ਤੋਂ ਆਉਂਦੀ ਹੈ। ਉਨ੍ਹਾਂ ਦਾ ਪਰਿਵਾਰ 20ਵੀਂ ਸਦੀ ਦੀ ਸ਼ੁਰੂਆਤ 'ਚ ਗੁਜਰਾਤ ਤੋਂ ਯੁਗਾਂਡਾ ਚਲਾ ਗਿਆ ਸੀ।

ਯੁਗਾਂਡਾ 'ਚ ਫ਼ੌਜੀ ਤਾਨਾਸ਼ਾਹ ਇਦੀ ਅਮੀਨ ਦੀ ਨਿਰੰਕੁਸ਼ ਸਰਕਾਰ ਨੇ ਭਾਰਤੀਆਂ ਨੂੰ ਦੇਸ਼ ਛੱਡ ਕੇ ਜਾਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਪਟੇਲ ਦੇ ਪਿਤਾ ਸੁਸ਼ੀਲ ਤੇ ਮਾਂ ਅੰਜਨਾ ਯੁਗਾਂਡਾ ਛੱਡ ਕੇ 1970 'ਚ ਬ੍ਰਿਟੇਨ ਆ ਕੇ ਵਸ ਗਏ। ਪਟੇਲ ਦੇ ਮਾਤਾ-ਪਿਤਾ ਹਰਟਫੋਰਡਸ਼ਾਇਰ 'ਚ ਰਹਿਣ ਲੱਗੇ। ਇੱਥੇ ਹੀ ਪ੍ਰੀਤੀ ਨੇ ਆਪਣੀ ਮੁੱਢਲੀ ਸਿੱਖਿਆ ਗ੍ਰਹਿਣ ਕੀਤੀ। ਉਨ੍ਹਾਂ ਵੇਟਫੋਰਡ ਗ੍ਰਾਮਰ ਸਕੂਲ 'ਚ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਉਹ ਕੀਲ ਯੂਨੀਵਰਸਿਟੀ 'ਚ ਅਰਥਸ਼ਾਸਤਰ ਪੜ੍ਹਨ ਗਈ। ਇੱਥੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਯੂਨੀਵਰਸਿਟੀ ਆਫ ਐਸੇਕਸ ਤੋਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। 2010 'ਚ ਐੱਮਪੀ ਬਣਨ ਤੇ ਬ੍ਰਿਟਿਸ਼ ਸਿਆਸਤ 'ਚ ਸਰਗਰਮ ਰਹਿਣ ਦੌਰਾਨ ਕਈ ਵਾਰ ਪਟੇਲ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।

Posted By: Seema Anand