ਲੰਡਨ (ਆਈਏਐੱਨਐੱਸ) : ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਦੇ ਐਲਾਨ ਨਾਲ ਬਿ੍ਟੇਨ ਦੇ ਸ਼ਾਹੀ ਪਰਿਵਾਰ 'ਚ ਉਭਰੇ ਸੰਕਟ ਨੂੰ ਦੂਰ ਕਰਨ ਲਈ 93 ਸਾਲ ਦੀ ਮਹਾਰਾਣੀ ਐਲਿਜ਼ਾਬੈੱਥ ਨੂੰ ਸਾਹਮਣੇ ਆਉਣਾ ਪਿਆ ਹੈ। ਉਨ੍ਹਾਂ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਹੈਰੀ-ਮੇਘਨ ਮਾਮਲੇ ਦਾ ਹਫ਼ਤਿਆਂ 'ਚ ਨਹੀਂ ਸਗੋਂ ਕੁਝ ਦਿਨਾਂ ਵਿਚ ਵਿਵਹਾਰਕ ਹੱਲ ਕੱਢਣ। ਡਿਊਕ ਅਤੇ ਡੱਚਿਜ਼ ਆਫ ਸਸੈਕਸ ਦੀ ਉਪਾਧੀ ਰੱਖਣ ਵਾਲੇ ਹੈਰੀ ਅਤੇ ਮੇਘਨ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੀ ਭੂਮਿਕਾ ਤੋਂ ਹਟਣ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਨਾ ਸਿਰਫ਼ ਮਹਾਰਾਣੀ ਸਗੋਂ ਪਰਿਵਾਰ ਦੇ ਹੋਰ ਮੈਂਬਰ ਵੀ ਪਰੇਸ਼ਾਨ ਦੱਸੇ ਜਾ ਰਹੇ ਹਨ।

ਬਿ੍ਟੇਨ ਦੀ ਮੈਟਰੋ ਨਿਊਜ਼ ਵੈੱਬਸਾਈਟ ਨੇ ਬਕਿੰਘਮ ਪੈਲੇਸ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸ਼ਾਹੀ ਪਰਿਵਾਰ ਹੈਰੀ ਅਤੇ ਮੇਘਨ ਨੂੰ ਮਨਾਉਣ ਦੇ ਯਤਨ ਵਿਚ ਲੱਗ ਗਿਆ ਹੈ। ਹੈਰੀ ਅਤੇ ਮੇਘਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਸੀਂ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੀ ਹੈਸੀਅਤ ਤੋਂ ਹੱਟਣਾ ਚਾਹੁੰਦੇ ਹਾਂ ਅਤੇ ਆਰਥਿਕ ਰੂਪ ਤੋਂ ਸੁਤੰਤਰ ਹੋਣ ਲਈ ਕੰਮ ਕਰਨਾ ਚਾਹੁੰਦੇ ਹਾਂ। ਮਹਾਰਾਣੀ ਨੂੰ ਸਾਡਾ ਪੂਰਾ ਸਮਰਥਨ ਮਿਲਦਾ ਰਹੇਗਾ। ਖ਼ਬਰ ਇਹ ਵੀ ਹੈ ਕਿ ਇਸ ਸ਼ਾਹੀ ਜੋੜੇ ਨੇ ਮਹਾਰਾਣੀ ਦੇ ਮਨ੍ਹਾਂ ਕਰਨ ਦੇ ਬਾਵਜੂਦ ਜਨਤਕ ਤੌਰ 'ਤੇ ਆਪਣੇ ਇਸ ਫ਼ੈਸਲੇ ਦਾ ਐਲਾਨ ਕਰ ਦਿੱਤਾ।

ਪਿਤਾ ਅਤੇ ਭਰਾ ਨੂੰ 10 ਮਿੰਟ ਪਹਿਲੇ ਮਿਲੀ ਸੀ ਜਾਣਕਾਰੀ

ਈਵਨਿੰਗ ਸਟੈਂਡਰਡ ਅਖ਼ਬਾਰ ਮੁਤਾਬਿਕ ਹੈਰੀ ਦੇ ਪਿਤਾ ਪ੍ਰਿੰਸ ਚਾਰਲਸ ਅਤੇ ਭਰਾ ਪਿ੍ਰੰਸ ਵਿਲੀਅਮ ਨੂੰ ਡਿਊਕ ਅਤੇ ਡੱਚਿਜ਼ ਆਫ ਸਸੈਕਸ ਦੇ ਫ਼ੈਸਲੇ ਦੀ ਜਾਣਕਾਰੀ ਉਨ੍ਹਾਂ ਦਾ ਬਿਆਨ ਜਾਰੀ ਹੋਣ ਤੋਂ ਕੇਵਲ 10 ਮਿੰਟ ਪਹਿਲੇ ਮਿਲੀ ਸੀ।

ਪੁੱਤਰ ਨਾਲ ਰਹਿਣ ਕੈਨੇਡਾ ਗਈ ਮੇਘਨ

ਸ਼ਾਹੀ ਪਰਿਵਾਰ 'ਚ ਪੈਦਾ ਹੋਏ ਵਿਵਾਦ ਦਰਮਿਆਨ ਮੇਘਨ ਆਪਣੇ ਅੱਠ ਮਹੀਨੇ ਦੇ ਪੁੱਤਰ ਨਾਲ ਰਹਿਣ ਲਈ ਕੈਨੇਡਾ ਚਲੀ ਗਈ ਹੈ। ਹੈਰੀ ਅਤੇ ਮੇਘਨ ਦੇ ਪੁੱਤਰ ਆਰਚੀ ਹੈਰੀਸਨ ਦਾ ਜਨਮ ਪਿਛਲੇ ਸਾਲ ਛੇ ਮਈ ਨੂੰ ਹੋਇਆ ਸੀ। ਡੇਲੀ ਮੇਲ ਅਖ਼ਬਾਰ ਅਨੁਸਾਰ ਹੈਰੀ ਅਤੇ ਮੇਘਨ ਕੈਨੇਡਾ 'ਚ ਛੇ ਹਫ਼ਤੇ ਦੀਆਂ ਛੁੱਟੀਅ ਬਿਤਾਉਣ ਪਿੱਛੋਂ ਆਰਚੀ ਨੂੰ ਨੈਨੀ (ਆਯਾ) ਕੋਲ ਛੱਡ ਕੇ ਪਿਛਲੇ ਹਫ਼ਤੇ ਹੀ ਬਿ੍ਟੇਨ ਪਰਤੇ ਸਨ। ਸਾਬਕਾ ਅਮਰੀਕੀ ਟੀਵੀ ਅਭਿਨੇਤਰੀ ਮੇਘਨ ਵੀਰਵਾਰ ਨੂੰ ਫਿਰ ਕੈਨੇਡਾ ਚਲੀ ਗਈ।