ਮਾਂਟਰੀਅਲ (ਏਐੱਫਪੀ) : ਪ੍ਰਿੰਸ ਹੈਰੀ ਤੇ ਮੇਘਨ ਦੇ ਕੈਨੇਡਾ ਠਹਿਰਣ ਸਮੇਂ ਸੁਰੱਖਿਆ 'ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਖ਼ਰਚਾ ਕੈਨੇਡਾ ਸਰਕਾਰ ਚੁੱਕੇਗੀ ਜਾਂ ਨਹੀਂ, ਇਸ ਬਾਰੇ ਅਜੇ ਫ਼ੈਸਲਾ ਨਹੀਂ ਹੋਇਆ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ। ਕੈੇਨੇਡਾ ਦੇ ਇਕ ਟੈਲੀਵਿਜ਼ਨ ਨਾਲ ਇੰਟਰਵਿਊ ਦੌਰਾਨ ਟਰੂਡੋ ਨੇ ਕਿਹਾ ਕਿ ਸਰਕਾਰ ਉਕਤ ਮਾਮਲੇ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਹੈਰੀ ਤੇ ਮੇਘਨ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਸ਼ਾਹੀ ਪਰਿਵਾਰ ਦੀ ਭੂਮਿਕਾ ਤੋਂ ਪਿੱਛੇ ਹੱਟ ਕੇ ਆਪਣਾ ਜੀਵਨ ਕੰਮਕਾਜ ਕਰ ਕੇ ਬਤੀਤ ਕਰਨਗੇ।

ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਲੋਕ ਬਹੁਤ ਮਦਦ ਕਰਨ ਵਾਲੇ ਹਨ ਤੇ ਉਹ ਚਾਹੁੰਦੇ ਹਨ ਕਿ ਸ਼ਾਹੀ ਜੋੜਾ ਕੈਨੇਡਾ 'ਚ ਰਹੇ ਪ੍ਰੰਤੂ ਅਜੇ ਕਾਫ਼ੀ ਵਿਚਾਰ-ਵਟਾਂਦਰਾ ਕੀਤਾ ਜਾਣਾ ਬਾਕੀ ਹੈ। ਅਸੀਂ ਅਜੇ ਇਸ ਵਿਸ਼ੇ 'ਤੇ ਵਿਚਾਰ-ਵਟਾਂਦਰਾ ਨਹੀਂ ਕੀਤਾ। ਕੈਨੇਡਾ ਦੇ ਵਿੱਤ ਮੰਤਰੀ ਬਿਲ ਮੋਰਨਿਊ ਨੇ ਬਰਤਾਨੀਆ ਦੀ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਹਾਰਾਣੀ ਐਲਿਜ਼ਾਬੈੱਥ-2 ਨੂੰ ਭਰੋਸਾ ਦਿੱਤਾ ਹੈ ਕਿ ਕੈਨੇਡਾ ਸਰਕਾਰ ਹੈਰੀ ਤੇ ਮੇਘਨ ਦੀ ਸੁਰੱਖਿਆ ਦਾ ਖ਼ਰਚਾ ਚੁੱਕੇਗੀ। ਬਰਤਾਨੀਆ ਦੀ ਪ੍ਰੈੱਸ ਅਨੁਸਾਰ ਕੈਨੇਡਾ ਸ਼ਾਹੀ ਜੋੜੇ 'ਤੇ ਹਰ ਸਾਲ 13 ਲੱਖ ਅਮਰੀਕੀ ਡਾਲਰ ਖ਼ਰਚ ਕਰੇਗਾ।

ਦੱਸਣਯੋਗ ਹੈ ਕਿ ਪ੍ਰਿੰਸ ਹੈਰੀ ਤੇ ਮੇਘਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਸ਼ਾਹੀ ਮੁੱਖ ਭੂਮਿਕਾ ਨੂੰ ਛੱਡ ਕੇ ਕੈਨੇਡਾ ਤੇ ਬਰਤਾਨੀਆ ਵਿਚ ਰਹਿਣਗੇ ਤੇ ਕੰਮਕਾਰ ਕਰ ਕੇ ਆਪਣਾ ਜੀਵਨ ਬਤੀਤ ਕਰਨਗੇ। ਉਨ੍ਹਾਂ ਦਾ ਲੜਕਾ ਇਸ ਸਮੇਂ ਕੈਨੇਡਾ 'ਚ ਹੈ ਜਿਸ ਦੀ ਦੇਖਭਾਲ ਇਕ ਔਰਤ ਕਰ ਰਹੀ ਹੈ। ਸੋਮਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ-2 ਨੇ ਹੈਰੀ ਤੇ ਮੇਘਨ ਨੂੰ ਆਪਣਾ ਸਮਾਂ ਕੈਨੇਡਾ ਤੇ ਬਰਤਾਨੀਆ 'ਚ ਬਤੀਤ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।