ਲੰਡਨ (ਏਜੰਸੀਆਂ) : ਕੋਰੋਨਾ ਇਨਫੈਕਸ਼ਨ 'ਚ ਨਿਰੰਤਰ ਵਾਧੇ ਨੂੰ ਦੇਖਦਿਆਂ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ 'ਤੇ ਕੌਮੀ ਲਾਕਡਾਊਨ ਲਾਉਣ ਦਾ ਦਬਾਅ ਵੱਧਦਾ ਜਾ ਰਿਹਾ ਹੈ। ਇਹ ਹਾਲ ਉਦੋਂ ਹੈ ਜਦੋਂ ਪੂਰੇ ਇੰਗਲੈਂਡ 'ਚ ਇਸ ਹਫ਼ਤੇ ਤਿੰਨ ਪੱਧਰੀ ਕੋਰੋਨਾ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਹੈ। ਇਨ੍ਹਾਂ ਪਾਬੰਦੀਆਂ ਨੂੰ ਦਰਮਿਆਨੀ, ਉੱਚ ਤੇ ਸਰਵਉੱਚ ਸ਼੍ਰੇਣੀ 'ਚ ਵੰਡਿਆ ਗਿਆ ਹੈ, ਜਿਸ ਨੂੰ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਨੇ ਮਨਜ਼ੂਰੀ ਦਿੱਤੀ ਹੈ। ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਲਗਪਗ 40 ਸੰਸਦ ਮੈਂਬਰਾਂ ਨੇ ਪਬ, ਬਾਰ ਤੇ ਰੈਸਟੋਰੈਂਟ ਨੂੰ 10 ਵਜੇ ਤਕ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਵੋਟਿੰਗ ਕੀਤੀ। ਸਰਵਉੱਚ ਸ਼੍ਰੇਣੀ 'ਚ ਲੀਵਰਪੂਲ ਇਲਾਕੇ ਨੂੰ ਰੱਖਿਆ ਗਿਆ ਹੈ, ਜਿਥੇ ਬਾਰ, ਜਿਮ ਤੇ ਦੂਜੇ ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੌਨਸਨ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਵਿਰੋਧੀ ਲੇਬਰ ਪਾਰਟੀ ਦੇ ਆਗੂ ਕੀਰ ਸਟਾਮਰ ਨੇ ਦੋ ਤੋਂ ਤਿੰਨ ਹਫ਼ਤਿਆਂ ਦੇ ਕੌਮੀ ਲਾਕਡਾਊਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਕੋਰੋਨਾ ਮਹਾਮਾਰੀ 'ਤੇ ਕੰਟਰੋਲ ਕਰਨ 'ਚ ਸਰਕਾਰ ਅਸਫਲ ਰਹੀ ਹੈ। ਸਰਕਾਰ ਦੇ ਯਤਨ ਨਾਕਾਫੀ ਸਾਬਤ ਹੋ ਰਹੇ ਹਨ। ਜੌਨਸਨ ਨੇ ਕਿਹਾ ਕਿ ਸਥਾਨਕ ਪੱਧਰ 'ਤੇ ਇਨਫੈਕਸ਼ਨ ਨੂੰ ਰੋਕਣ ਲਈ ਫ਼ੈਸਲਾ ਲੈਂਦੇ ਰਹਿਣਗੇ। ਓਧਰ, ਉੱਤਰੀ ਆਇਰਲੈਂਡ ਨੇ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਸ਼ਟਡਾਊਨ ਦਾ ਸਭ ਤੋਂ ਔਖਾ ਰਾਹ ਚੁਣਿਆ ਹੈ ਜਿਸ 'ਚ ਸੋਮਵਾਰ ਤੋਂ ਸਕੂਲਾਂ ਨੂੰ ਬੰਦ ਕਰਨਾ ਸ਼ਾਮਲ ਹੈ। ਉੱਤਰੀ ਆਇਰਲੈਂਡ ਦੇ ਫਰਸਟ ਮਨਿਸਟਰ ਅਲਰੀਨ ਫੋਸਟਰ ਨੇ ਕਿਹਾ, 'ਇਨ੍ਹਾਂ ਫ਼ੈਸਲਿਆਂ ਦਾ ਬਹੁਤ ਵੱਡਾ ਪ੍ਰਭਾਵ ਪਵੇਗਾ। ਅਸੀਂ ਵਾਇਰਸ ਨੂੰ ਰੋਕਣ ਖ਼ਿਲਾਫ਼ ਦਿ੍ੜ੍ਹ ਇਰਾਦਾ ਹਾਂ।' ਇਸ ਵਿਚਾਲੇ ਸਕਾਟਲੈਂਡ ਨੇ ਵੀ ਪਹਿਲਾਂ ਦੇ ਮੁਕਾਬਲੇ ਸਖ਼ਤ ਪਾਬੰਦੀ ਲਾਗੂ ਕੀਤੀ ਹੈ। ਵੇਲਸ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਉਹ 'ਸਰਕਟ ਬ੍ਰੇਕਰ' ਲਾਕਡਾਊਨ ਦੀ ਤਿਆਰੀ ਕਰ ਰਿਹਾ ਹੈ।

ਈਰਾਨ 'ਚ 279 ਲੋਕਾਂ ਦੀ ਮੌਤ

ਈਰਾਨ 'ਚ ਪਿਛਲੇ 24 ਘੰਟਿਆਂ ਦੌਰਾਨ 279 ਲੋਕਾਂ ਦੀ ਮੌਤ ਹੋਈ ਹੈ ਤੇ 4,830 ਮਰੀਜ਼ਾਂ ਦਾ ਪਤਾ ਲੱਗਾ ਹੈ। ਇਕ ਹਫ਼ਤੇ 'ਚ ਇਹ ਤੀਜੀ ਵਾਰ ਹੈ ਜਦੋਂ ਮਿ੍ਤਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਬੁੱਧਵਾਰ ਨੂੰ ਈਰਾਨ ਦੇ ਪੰਜ ਪ੍ਰਮੁੱਖ ਸ਼ਹਿਰਾਂ 'ਚ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਗਿਆ। ਇਸ 'ਚ ਰਾਜਧਾਨੀ ਤਹਿਰਾਨ ਤੇ ਪਵਿੱਤਰ ਸ਼ਹਿਰ ਮਸਾਦ ਸ਼ਾਮਲ ਹੈ।

ਇਥੇ ਰਿਹਾ ਇਹ ਹਾਲ

ਜਰਮਨੀ : ਅਪ੍ਰਰੈਲ ਤੋਂ ਬਾਅਦ ਪਹਿਲੀ ਵਾਰ ਜਰਮਨੀ 'ਚ ਇਕ ਦਿਨ 'ਚ ਪੰਜ ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਮਰੀਜ਼ ਮਿਲੇ ਹਨ।

ਪਾਕਿਸਤਾਨ : ਪਿਛਲੇ 24 ਘੰਟਿਆਂ ਦੌਰਾਨ 615 ਮਰੀਜ਼ਾਂ ਦਾ ਪਤਾ ਲੱਗਾ ਹੈ। ਬਲੋਚਿਸਤਾਨ ਦੇ ਸੀਐੱਮ ਜਾਮ ਕਮਾਲ ਖ਼ਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਖ਼ੁਦ ਇਹ ਜਾਣਕਾਰੀ ਦਿੱਤੀ।

ਇਜ਼ਰਾਈਲ : ਲਾਕਡਾਊਨ ਨੂੰ 18 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ। ਬਾਹਰ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ 15 ਅਕਤੂਬਰ ਤਕ ਵਧਾ ਦਿੱਤੀ ਗਈ ਹੈ।

ਮਲੇਸ਼ੀਆ : 660 ਨਵੇਂ ਮਰੀਜ਼ਾਂ ਨਾਲ ਦੇਸ਼ 'ਚ ਕੁਲ ਇਨਫੈਕਟਿਡਾਂ ਦੀ ਗਿਣਤੀ 17,540 ਹੋ ਗਈ ਹੈ। ਰਾਇਲ ਪੈਲੇਸ ਨੇ ਬੁੱਧਵਾਰ ਨੂੰ ਹੋਣ ਵਾਲੀਆਂ ਸਾਰੀਆਂ ਬੈਠਕਾਂ ਨੂੰ ਰੱਦ ਕਰ ਦਿੱਤੀਆਂ ਹਨ।

ਆਸਟ੍ਰੇਲੀਆ : ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 900 ਤੋਂ ਜ਼ਿਆਦਾ ਹੋ ਗਈ ਹੈ। ਇਨਫੈਕਸ਼ਨ ਕਾਰਨ ਪਹਿਲੀ ਮੌਤ ਪਹਿਲੀ ਮਾਰਚ ਨੂੰ ਰਿਕਾਰਡ ਕੀਤੀ ਗਈ ਸੀ।

ਬੰਗਲਾਦੇਸ਼ : ਪਿਛਲੇ 24 ਘੰਟਿਆਂ 'ਚ 16 ਲੋਕਾਂ ਦੀ ਮੌਤ ਹੋ ਗਈ ਹੈ ਤੇ 1,684 ਨਵੇਂ ਮਰੀਜ਼ਾਂ ਦਾ ਪਤਾ ਲੱਗਾ ਹੈ।

ਰੂਸ : ਪਿਛਲੇ 24 ਘੰਟਿਆਂ ਦੌਰਾਨ 14 ਹਜ਼ਾਰ ਨਵੇਂ ਮਾਮਲਿਆਂ ਦਾ ਪਤਾ ਲੱਗਾ ਹੈ। ਸਭ ਤੋਂ ਜ਼ਿਆਦਾ ਮਰੀਜ਼ ਮਾਸਕੋ ਰੀਜਨ 'ਚ ਮਿਲੇ ਹਨ।