ਲੰਡਨ (ਆਈਏਐੱਨਐੱਸ) : ਫਾਈਜ਼ਰ ਬਾਇਓਨਟੈੱਕ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਵਾਲਿਆਂ ਨੂੰ ਵੀ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਖ਼ਿਲਾਫ਼ ਪੂਰੀ ਸੁਰੱਖਿਆ ਮਿਲਣ ਦੀ ਸੰਭਾਵਨਾ ਘੱਟ ਹੈ। ਮੈਡੀਕਲ ਜਰਨਲ ਲੈਂਸੇਟ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਖੋਜ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਮੁਤਾਬਕ ਇਸ ਵੈਕਸੀਨ ਦੀ ਇਕ ਖ਼ੁਰਾਕ ਲੈਣ ਵਾਲੇ 79 ਫ਼ੀਸਦੀ ਲੋਕਾਂ 'ਚ ਕੋਰੋਨਾ ਵਾਇਰਸ ਦੇ ਮੂਲ ਵੈਰੀਐਂਟ ਖ਼ਿਲਾਫ਼ ਐਂਟੀਬਾਡੀ ਦਾ ਪੱਧਰ ਨਾ-ਮਾਤਰ ਪਾਇਆ ਗਿਆ। ਅਲਫਾ ਵੈਰੀਐਂਟ (ਬੀ.117) ਲਈ ਇਹ ਅੰਕੜਾ 50 ਫ਼ੀਸਦੀ, ਡੈਲਟਾ ਵੈਰੀਐਂਟ (ਬੀ.1.617.2) ਲਈ 32 ਤੇ ਬੀਟਾ ਵੈਰੀਐਂਟ (ਬੀ.1.351) ਲਈ 25 ਫ਼ੀਸਦੀ 'ਤੇ ਆ ਜਾਂਦਾ ਹੈ। ਜ਼ਿਆਦਾ ਉਮਰ ਵਾਲਿਆਂ 'ਚ ਐਂਟੀਬਾਡੀ ਦੀ ਮਾਤਰਾ ਹੋਰ ਘੱਟ ਹੋ ਜਾਂਦੀ ਹੈ ਤੇ ਛੇਤੀ ਹੀ ਇਸ 'ਚ ਗਿਰਾਵਟ ਵੀ ਆ ਜਾਂਦੀ ਹੈ।