ਲੰਡਨ (ਏਜੰਸੀਆਂ) : ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਲਾਕਡਾਊਨ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਦੁਨੀਆ ਦੇ ਕਈ ਦੇਸ਼ਾਂ 'ਚ ਸ਼ਨਿਚਰਵਾਰ ਨੂੰ ਲੋਕ ਸੜਕਾਂ 'ਤੇ ਉਤਰ ਆਏ। ਜਰਮਨੀ ਦੇ ਸਾਰੇ ਵੱਡੇ ਸ਼ਹਿਰਾਂ 'ਚ ਲੋਕਾਂ ਨੇ ਨਿਯਮਾਂ ਦਾ ਵਿਰੋਧ ਕੀਤਾ। ਪੋਲੈਂਡ ਦੀ ਰਾਜਧਾਨੀ ਵਾਰਸਾ 'ਚ ਹਾਲਾਤ ਉਸ ਸਮੇਂ ਸਭ ਤੋਂ ਵੱਧ ਖ਼ਰਾਬ ਹੋ ਗਏ ਜਦੋਂ ਕਾਰੋਬਾਰੀ ਸਰਗਰਮੀਆਂ 'ਚ ਛੋਟ ਮੰਗ ਲੈ ਕੇ ਸੜਕ 'ਤੇ ਉਤਰੇ ਮੁਜ਼ਾਹਰਾਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦਾ ਇਸਤੇਮਾਲ ਕਰਨਾ ਪਿਆ। ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਜਾਣ ਬੁੱਝ ਕੇ ਸ਼ਰੀਰਕ ਦੂਰੀ ਦੇ ਨਿਯਮਾਂ ਨੂੰ ਤੋੜਨ 'ਤੇ 19 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ।

ਜ਼ਿਕਰਯੋਗ ਹੈ ਕਿ ਪੂਰੀ ਦੁਨੀਆ 'ਚ 46 ਲੱਖ ਤੋਂ ਵੱਧ ਲੋਕ ਇਨਫੈਕਟਿਡ ਹਨ ਉੱਥੇ ਹੀ 3.10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਿਊਨਿਖ 'ਚ ਕੋਰੋਨਾ ਨੀਤੀ ਖ਼ਿਲਾਫ਼ ਵਿਰੋਧ-ਮੁਜ਼ਾਹਰਿਆਂ ਲਈ ਇਕ ਹਜ਼ਾਰ ਲੋਕਾਂ ਨੂੰ ਦੋ ਘੰਟੇ ਲਈ ਮਨਜ਼ੂਰੀ ਦਿੱਤੀ ਗਈ ਸੀ। ਵਿਰੋਧ-ਮੁਜ਼ਾਹਰਿਆਂ ਦੌਰਾਨ ਇਨ੍ਹਾਂ ਨੇ 1.5 ਮੀਟਰ ਦੀ ਸ਼ਰੀਰਕ ਦੂਰੀ ਵੀ ਬਣਾ ਕੇ ਰੱਖਣੀ ਸੀ। ਲਾਕਡਾਊਨ ਦੇ ਨਿਯਮਾਂ ਖ਼ਿਲਾਫ਼ ਵਿਰੋਧ ਦੀ ਹਾਲਤ ਇਸ ਤਰ੍ਹਾਂ ਸੀ ਕਿ ਇਕ ਘੰਟਾ ਪਹਿਲਾਂ ਹੀ ਸਾਰੇ ਮੁਜ਼ਾਹਰਾਕਾਰੀ ਪਹੁੰਚ ਗਏ ਸਨ। ਸਟਟਗਾਰਟ, ਹੇੱਸੇ ਤੇ ਨਾਰਥ ਵੈਸਟਫੇਲੀਆ 'ਚ ਵੀ ਲੋਕਾਂ ਨੇ ਪਾਬੰਦੀਆਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਫਰੈਂਕਫਰਟ ਤੇ ਹੈਂਬਰਗ 'ਚ ਤਾਂ ਹਾਲਾਤ ਉਸ ਸਮੇਂ ਅਜੀਬ ਹੋ ਗਏ ਜਦੋਂ ਪਾਬੰਦੀਆਂ ਦੇ ਸਮਰਥਨ 'ਚ ਵੀ ਲੋਕ ਸੜਕਾਂ 'ਤੇ ਉਤਰ ਆਏ ਤੇ ਵਿਰੋਧ-ਮੁਜ਼ਾਹਰੇ ਕਰਨ ਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੈਂਬਰਗ 'ਚ ਤਾਂ ਪਾਬੰਦੀ ਦੇ ਸਮਰਥਨ 'ਚ ਲੋਕਾਂ ਨੇ ਬੈਨਰ ਵੀ ਹੱਥਾਂ 'ਚ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਪਾਬੰਦੀਆਂ ਦੇ ਵਿਰੋਧ ਨਾਲ ਤੁਹਾਡੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ।'

ਜ਼ਿਕਰਯੋਗ ਹੈ ਕਿ ਜਰਮਨੀ 'ਚ ਜਿੱਥੇ 7,938 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਕੁਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 175,752 ਹੋ ਗਈ ਹੈ।

ਫਰਾਂਸ 'ਚ ਹੋਰ 96 ਲੋਕਾਂ ਦੀ ਮੌਤ

ਫਰਾਂਸ 'ਚ ਪਿਛਲੇ 24 ਘੰਟਿਆਂ ਦੌਰਾਨ 96 ਲੋਕਾਂ ਦੀ ਮੌਤ ਹੋਈ ਹੈ। ਇਕ ਦਿਨ ਪਹਿਲਾਂ ਇਹ ਗਿਣਤੀ 104 ਸੀ। ਹੁਣ ਤਕ ਕੋਰੋਨਾ ਨਾਲ ਫਰਾਂਸ 'ਚ 27,625 ਲੋਕ ਜਾਨ ਗੁਆ ਚੁੱਕੇ ਹਨ। ਇਨਫੈਕਸ਼ਨ ਦੇ 372 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਕਿ ਦਿਨ ਪਹਿਲਾਂ ਇਨ੍ਹਾਂ ਦੀ ਗਿਣਤੀ 563 ਸੀ। ਇਸ ਤਰ੍ਹਾਂ ਕੁਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 1,42,291 ਹੋ ਗਈ ਹੈ।

ਕੈਨੇਡਾ ਨੇ ਕੋਰੋਨਾ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਨੂੰ ਦਿੱਤੀ ਮਨਜ਼ੂਰੀ

ਕੈਨੇਡਾ ਨੇ ਕੋਰੋਨਾ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿਹਾ ਕਿ ਜੇਕਰ ਇਸ ਦਾ ਟ੍ਰਾਇਲ ਕਾਮਯਾਬ ਰਹਿੰਦਾ ਹੈ ਤਾਂ ਅਸੀਂ ਇਸ ਦਾ ਸਥਾਨਕ ਪੱਧਰ 'ਤੇ ਹੀ ਉਤਪਾਦਨ ਕਰਾਂਗੇ। ਉਨ੍ਹਾਂ ਕਿਹਾ ਕਿ ਵੈਕਸੀਨ ਦੇ ਰਿਸਰਚ ਤੇ ਵਿਕਾਸ 'ਚ ਨਾ ਸਿਰਫ਼ ਸਮਾਂ ਲੱਗਦਾ ਹੈ ਬਲਕਿ ਇਹ ਠੀਕ ਵੀ ਹੋਣਾ ਚਾਹੀਦਾ ਹੈ। ਫਿਲਹਾਲ ਇਹ ਖ਼ਬਰ ਦੇਸ਼ਵਾਸੀਆਂ ਦਾ ਉਤਸ਼ਾਹ ਵਧਾਉਣ ਵਾਲੀ ਹੈ।

ਰੂਸ 'ਚ ਇਨਫੈਕਸ਼ਨ ਦੇ 9, 709 ਨਵੇਂ ਮਾਮਲੇ

ਰੂਸ 'ਚ 9,709 ਨਵੇਂ ਲੋਕਾਂ ਦੇ ਇਨਫੈਕਸ਼ਨ ਦਾ ਪਤਾ ਲੱਗਿਆ ਹੈ। ਇਕ ਦਿਨ ਪਹਿਲਾਂ ਇਹ ਗਿਣਤੀ 92,00 ਸੀ। ਦੇਸ਼ 'ਚ ਕੁਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 2,81,752 ਹੋ ਗਈ। ਪਿਛਲੇ 24 ਘੰਟਿਆਂ ਦੌਰਾਨ 94 ਲੋਕਾਂ ਦੀ ਮੌਤ ਵੀ ਹੋਈ। ਇਸ ਤਰ੍ਹਾਂ ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2,631 ਹੋ ਗਈ ਹੈ।

ਦੱਖਣੀ ਕੋਰੀਆ 'ਚ ਘਰੇਲੂ ਇਨਫੈਕਸ਼ਨ ਦੇ ਪੰਜ ਮਾਮਲੇ

ਦੱਖਣੀ ਕੋਰੀਆ 'ਚ ਇਨਫੈਕਸ਼ਨ ਦੇ 13 ਨਵੇਂ ਮਾਮਲਿਆਂ ਦਾ ਪਤਾ ਲੱਗਿਆ ਹੈ। ਘਰੇਲੂ ਇਨਫੈਕਸ਼ਨ ਦੇ ਜਿਹੜੇ ਪੰਜ ਮਾਮਲੇ ਦਰਜ ਕੀਤੇ ਗਏ ਹਨ, ਉਹ ਬਾਰ ਤੇ ਨਾਈਟ ਕਲੱਬ ਨਾਲ ਸਬੰਧਤ ਹਨ। ਸਥਾਨਕ ਪੱਧਰ 'ਤੇ ਇਨਫੈਕਸ਼ਨ ਦੇ ਮਾਮਲੇ ਮਿਲਣ ਤੋਂ ਬਾਅਦ ਵੀ ਸਰਕਾਰ ਦਫ਼ਤਰਾਂ, ਜਨਤਕ ਸਹੂਲਤਾਂ ਤੇ ਸਪੋਰਟਸ ਸੈਂਟਰ ਫਿਰ ਤੋਂ ਖੋਲ੍ਹਣ ਦੇ ਆਪਣੇ ਵਾਅਦੇ 'ਤੇ ਕਾਇਮ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਖੁੱਲੇ ਨਾਈਟ ਕਲੱਬ ਤੇ ਬਾਰ ਫਿਲਹਾਲ ਬੰਦ ਰਹਿਣਗੇ। ਸਕੂਲਾਂ ਨੂੰ ਖੋਲ੍ਹਣ ਦੇ ਫ਼ੈਸਲੇ ਫਿਲਹਾਲ ਇਕ ਹਫ਼ਤੇ ਲਈ ਟਾਲ਼ ਦਿੱਤੇ ਗਏ।

ਬਰਤਾਨੀਆ 'ਚ ਜੌਨਸਨ ਦਾ ਸਮਰਥਨ ਘਟਿਆ

ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਬਜ਼ਰਵਰ ਅਖ਼ਬਾਰ 'ਚ ਲਿਖੇ ਇਕ ਲੇਖ 'ਚ ਐਤਵਾਰ ਨੂੰ ਮੰਨਿਆ ਕਿ ਲਾਕਡਾਊਨ ਤੋਂ ਛੋਟ ਦੇ ਕੁਝ ਨਿਯਮਾਂ ਤੋਂ ਲੋਕ ਨਿਰਾਸ਼ ਸਨ। ਅਖ਼ਬਾਰ ਵੱਲੋਂ ਕਰਵਾਈ ਗਈ ਇਕ ਰਾਇਸ਼ੁਮਾਰੀ 'ਚ 42 ਫ਼ੀਸਦੀ ਲੋਕਾਂ ਨੂੰ ਮਹਾਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਤਰੀਕੇ 'ਤੇ ਤਸੱਲੀ ਨਹੀਂ। ਪਿਛਲੇ ਹਫ਼ਤੇ ਦੇ ਮੁਕਾਬਲੇ ਇਸ 'ਚ ਨੌਂ ਫ਼ੀਸਦੀ ਦੀ ਕਮੀ ਆਈ ਹੈ। 39 ਫ਼ੀਸਦੀ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਹੈ।

-ਥਾਈਲੈਂਡ 'ਚ ਮਾਲ ਤੇ ਡਿਪਾਰਟਮੈਂਟਲ ਸਟੋਰ ਖੋਲ੍ਹ ਦਿੱਤੇ ਗਏ ਹਨ। ਪਿਛਲੇ 24 ਘੰਟਿਆਂ 'ਚ ਉੱਥੇ ਤਿੰਨ ਨਵੇਂ ਮਾਮਲੇ ਮਿਲੇ ਹਨ।

-ਵੈਸਟ ਬੈਂਕ 'ਚ ਈਦ ਦੀਆਂ ਛੁੱਟੀਆਂ ਦੌਰਾਨ ਹਰ ਤਰ੍ਹਾਂ ਦੀ ਆਵਾਜਾਈ 'ਚ ਰੋਕ ਰਹੇਗੀ।

-ਨੇਪਾਲ 'ਚ ਐਤਵਾਰ ਨੂੰ ਕੋਰੋਨਾ ਨਾਲ ਦੂਜੀ ਮੌਤ ਹੋਈ। ਇੱਥੇ 292 ਕੋਰੋਨਾ ਇਨਫੈਕਟਿਡ ਮਰੀਜ਼ ਹਨ।

-ਬੰਗਲਾਦੇਸ਼ ਦੇ ਡਾਕਟਰਾਂ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ 'ਤੇ ਵੱਡੇ ਪੱਧਰ 'ਤੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਦੋ ਦਵਾਈਆਂ ਦਾ ਤਜਰਬਾ ਕੀਤਾ ਗਿਆ ਹੈ, ਜਿਸ ਦੇ ਹੈਰਾਨੀ ਭਰੇ ਨਤੀਜੇ ਆਏ ਹਨ।