ਲੰਡਨ (ਆਈਏਐੱਨਐੱਸ) : ਬਰਤਾਨੀਆ 'ਚ ਜਲਾਵਤਨ ਦਾ ਜੀਵਨ ਬਤੀਤ ਕਰ ਰਹੇ ਪਾਕਿਸਤਾਨੀ ਆਗੂ ਅਤੇ ਮੁਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਬਾਨੀ ਅਲਤਾਫ ਹੁਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਵਿਚ ਸ਼ਰਨ ਦੇਣ ਦੀ ਮੰਗ ਕੀਤੀ ਹੈ। ਐੱਮਕਿਊਐੱਮ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਸਾਥੀਆਂ ਸਣੇ ਮੈਨੂੰ ਭਾਰਤ ਵਿਚ ਸ਼ਰਨ ਦੇਣ, ਜੇ ਉਹ ਅਜਿਹਾ ਕਰਨ ਵਿਚ ਅਸਮਰਥ ਹਨ ਤਾਂ ਆਰਥਿਕ ਤੌਰ 'ਤੇ ਸਾਡੀ ਮਦਦ ਕਰਨ।

ਜਿਓ ਨਿਊਜ਼ ਮੁਤਾਬਿਕ ਬਰਤਾਨੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2016 ਵਿਚ ਆਪਣੇ ਪਾਕਿਸਤਾਨੀ ਸਮਰਥਕਾਂ ਨੂੰ ਬਰਤਾਨੀਆ ਵਿਚ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿਚ ਹੁਸੈਨ ਖ਼ਿਲਾਫ਼ ਦੋਸ਼ ਤੈਅ ਕੀਤੇੇ ਹਨ। ਅਗਲੇ ਸਾਲ ਜੂਨ ਵਿਚ ਇਸ ਮਾਮਲੇ ਦੀ ਸੁਣਵਾਈ ਹੋਵੇਗੀ। ਹੁਣ ਵਕੀਲ ਇਸ ਗੱਲ ਦਾ ਜਾਇਜ਼ਾ ਲੈ ਰਹੇ ਹਨ ਕਿ ਕਿਤੇ ਅਲਤਾਫ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸ਼ਰਨ ਦੀ ਮੰਗ ਕਰ ਕੇ ਜ਼ਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਤਾਂ ਨਹੀਂ ਕੀਤਾ ਹੈ।

ਐੱਮਕਿਊਐੱਮ ਆਗੂ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਮੋਦੀ ਇਜਾਜ਼ਤ ਦਿੰਦੇ ਹਨ ਤਾਂ ਮੈਂ ਆਪਣੇ ਸਾਥੀਆਂ ਦੇ ਨਾਲ ਭਾਰਤ ਆਉਣ ਲਈ ਤਿਆਰ ਹਾਂ। ਮੇਰੇ ਦਾਦਾ-ਦਾਦੀ ਅਤੇ ਹਜ਼ਾਰਾਂ ਰਿਸ਼ਤੇਦਾਰਾਂ ਨੂੰ ਭਾਰਤ ਵਿਚ ਹੀ ਦਫ਼ਨਾਇਆ ਗਿਆ ਹੈ। ਮੈਂ ਉਨ੍ਹਾਂ ਦੀਆਂ ਕਬਰਾਂ 'ਤੇ ਜਾਣਾ ਚਾਹੁੰਦਾ ਹਾਂ। ਐੱਮਕਿਊਐੱਮ ਦਾ ਪ੍ਰਭਾਵ ਕਰਾਚੀ ਸਮੇਤ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰੀ ਇਲਾਕਿਆਂ ਵਿਚ ਜ਼ਿਆਦਾ ਹੈ।