ਲੰਡਨ (ਏਐੱਨਆਈ) : ਭਾਰਤ ਦੀ ਖੁਸ਼ਹਾਲੀ ਪਾਕਿਸਤਾਨ ਦੀਆਂ ਅੱਖਾਂ 'ਚ ਰੜਕਣ ਲੱਗੀ ਹੈ। ਉਹ ਭਾਰਤ ਨੂੰ ਅਸਥਿਰ ਕਰਨ ਦਾ ਮੌਕਾ ਨਹੀਂ ਛੱਡਣਾ ਚਾਹੁੰਦਾ। ਨਿਊਜ਼ ਏਜੰਸੀ ਏਐੱਨਆਈ ਨੇ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪਾਕਿਸਤਾਨ ਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੀ ਫੰਡਿੰਗ ਲਈ ਜਾਅਲੀ ਨੋਟਾਂ ਦਾ ਉਤਪਾਦਨ ਤੇ ਉਸ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤ ਦੀ ਅਰਥਵਿਵਸਥਾ ਨੂੰ ਤਬਾਹ ਕਰਨ ਲਈ ਉਹ ਸਾਲ 2016 ਤੋਂ ਪਹਿਲਾਂ ਨਕਲੀ ਨੋਟਾਂ ਦੀ ਤਸਕਰੀ ਦਾ ਕੰਮ ਕਰਨ ਵਾਲੇ ਗਿਰੋਹਾਂ, ਸਿੰਡੀਕੇਟਾਂ, ਚੈਨਲਾਂ ਤੇ ਰਸਤਿਆਂ ਦਾ ਇਸਤੇਮਾਲ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਭਾਰਤ ਸਰਕਾਰ ਨੇ ਕਾਲੇ ਧਨ, ਫੇਕ ਕਰੰਸੀ ਤੇ ਟੈਰਰ ਫਾਈਨੈਂਸਿੰਗ 'ਤੇ ਲਗਾਮ ਲਗਾਉਣ ਲਈ ਨੋਟਬੰਦੀ ਕੀਤੀ ਸੀ। ਭਾਰਤ ਸਰਕਾਰ ਦੇ ਇਸ ਕਦਮ ਨਾਲ ਭਾਰਤ 'ਚ ਅੱਤਵਾਦ ਫੈਲਾ ਰਹੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਕਰਾਰਾ ਝਟਕਾ ਲੱਗਿਆ ਸੀ। ਪਰ ਜਿਉਂ ਹੀ ਭਾਰਤ ਨੇ ਧਾਰਾ-370 ਖ਼ਤਮ ਕਰ ਕੇ ਅੱਤਵਾਦੀਆਂ 'ਤੇ ਨਕੇਲ ਕੱਸਣੀ ਸ਼ੁਰੂ ਕੀਤੀ, ਪਾਕਿਸਤਾਨ ਦੀ ਬੇਚੈਨੀ ਵਧ ਗਈ ਹੈ। ਪਾਕਿਸਤਾਨ ਨੇ ਇਕ ਵਾਰ ਫਿਰ ਉਨ੍ਹਾਂ ਤਰੀਕਿਆਂ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ ਜਿਨ੍ਹਾਂ ਦੇ ਬਲਬੂਤੇ ਉਹ ਭਾਰਤ ਨੂੰ ਕਮਜ਼ੋਰ ਕਰਨ ਦਾ ਕੰਮ ਕਰਦਾ ਸੀ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਭਾਰਤੀ ਕਰੰਸੀ ਦੇ ਨਵੇਂ ਨੋਟਾਂ ਦੀ ਹੂਬਹੂ ਨਕਲ ਬਣਾ ਲਈ ਹੈ ਤੇ ਉਹ ਇਨ੍ਹਾਂ ਦੀ ਤਸਕਰੀ 'ਚ ਪੂਰੀ ਤਾਕਤ ਨਾਲ ਜੁੱਟ ਗਿਆ ਹੈ।

ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਨੇਪਾਲ, ਬੰਗਲਾਦੇਸ਼ ਤੇ ਹੋਰ ਦੇਸ਼ਾਂ 'ਚ ਜਾਅਲੀ ਕਰੰਸੀ ਨੋਟਾਂ ਦੀ ਖੇਪ ਲਿਆਉਣ ਤੇ ਉਨ੍ਹਾਂ ਨੂੰ ਵੰਡਣ ਲਈ ਕੂਟਨੀਤਕ ਚੈਨਲਾਂ ਦਾ ਇਸਤੇਮਾਲ ਕਰ ਰਿਹਾ ਹੈ। ਭਾਰਤ ਖ਼ਿਲਾਫ਼ ਕੰਮ ਕਰਨ ਵਾਲੇ ਅੱਤਵਾਦੀ ਸੰਗਠਨਾਂ ਦੀ ਫੰਡਿੰਗ ਲਈ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਖ਼ੁਦ ਮੋਰਚਾ ਸੰਭਾਲਿਆ ਹੈ। ਉਹ ਉੱਚ ਗੁਣਵੱਤਾ ਵਾਲੀ ਜਾਅਲੀ ਭਾਰਤੀ ਕਰੰਸੀ ਨੂੰ ਛਾਪਣ ਦਾ ਬੰਦੋਬਸਤ ਕਰ ਰਹੀ ਹੈ। ਹਾਲ ਹੀ 'ਚ ਡੀ-ਕੰਪਨੀ ਦਾ ਸਹਿਯੋਗੀ ਯੂਨੁਸ ਅੰਸਾਰੀ (Younus Ansari) ਰਿਹਾਅ ਹੋਇਆ ਹੈ ਜੋ ਕਿ ਮਈ 2019 'ਚ ਤਿੰਨ ਪਾਕਿਸਤਾਨੀਆਂ ਨਾਲ ਕਾਠਮੰਡੂ ਏਅਰਪੋਰਟ 'ਤੇ 7.67 ਕਰੋੜ ਰੁਪਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਭਾਰਤ 'ਚ ਚੱਲਣ ਵਾਲੇ ਨਵੇਂ ਨੋਟ ਦੀ ਹੂਬਹੂ ਨਕਲ ਤਿਆਰ ਕਰ ਕੇ ਲਸ਼ਕਰ-ਏ-ਤੋਇਬਾ (Lashkar-E-Taiba) ਅਤੇ ਜੈਸ਼-ਏ-ਮੁਹੰਮਦ (Jaish-e-Mohammed) ਵਰਗੇ ਅੱਤਵਾਦੀ ਸੰਗਠਨਾਂ ਨੂੰ ਮੁਹੱਈਆ ਕਰਵਾ ਰਿਹਾ ਹੈ। ਜਾਂਚ ਵਿਚ ਪਾਇਆ ਗਿਆ ਹੈ ਕਿ ਕਰਾਚੀ ਦੇ 'ਮਲੀਰ-ਹਾਲਟ' ਇਲਾਕੇ ਦੇ 'ਪਾਕਿਸਤਾਨ ਦੇ ਸਕਿਓਰਟੀ ਪ੍ਰੈੱਸ' 'ਚ ਛਾਪੇ ਜਾ ਰਹੇ ਜਾਅਲੀ ਨੋਟ 'ਚ ਪਹਿਲੀ ਵਾਰ 'ਆਪਟੀਕਲ ਵੇਰੀਏਬਲ ਇੰਕ' ਚਦਾ ਇਸਤੇਮਾਲ ਹੋ ਰਿਹਾ ਹੈ ਜੋ 2000 ਦੇ ਨੋਟ ਦੇ ਧਾਗੇ 'ਤੇ ਇਸਤੇਮਾਲ ਹੁੰਦੀ ਹੈ। ਇਸ ਰੰਗ ਦੀ ਖਾਸੀਅਤ ਹੁੰਦੀ ਹੈ ਕਿ ਨੋਟ 'ਤੇ ਇਹ ਹਰੇ ਰੰਗ ਦੀ ਦਿਖਾਈ ਦਿੰਦੀ ਹੈ ਜਦਕਿ ਨੋਟ ਦੀ ਦਿਸ਼ਾ ਬਦਲਣ 'ਤੇ ਇਸ ਦਾ ਰੰਗ ਬਦਲ ਕੇ ਨੀਲਾ ਹੋ ਜਾਂਦਾ ਹੈ।

Posted By: Seema Anand