ਲੰਡਨ (ਏਜੰਸੀ) : ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਚ 73ਵੇਂ ਭਾਰਤੀ ਆਜ਼ਾਦੀ ਦਿਹਾੜਾ ਸਮਾਗਮ ਮਨਾਉਣ ਲਈ ਇਕੱਠੇ ਹੋਏ ਭਾਰਤੀ ਤੇ ਭਾਰਤੀ ਮੂਲ ਦੇ ਲੋਕਾਂ 'ਤੇ ਪਾਕਿਸਤਾਨ ਦੀ ਸਰਪ੍ਰਸਤੀ ਹਾਸਲ ਮੁਜ਼ਾਹਰਾਕਾਰੀਆਂ ਨੇ ਹਮਲਾ ਕੀਤਾ। ਮੁਜ਼ਾਹਰਾਕਾਰੀਆਂ ਨੇ ਭਾਰਤੀਆਂ ਨੂੰ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ 'ਤੇ ਆਂਡੇ ਅਤੇ ਪਾਣੀ ਦੀਆਂ ਬੋਤਲਾਂ ਨਾਲ ਹਮਲਾ ਕੀਤਾ। ਪ੍ਰਦਰਸ਼ਨਕਾਰੀਆਂ 'ਚ ਵੱਖਵਾਦੀ ਸਿੱਖ ਵੀ ਸ਼ਾਮਲ ਸਨ।

ਭਾਜਪਾ ਦੇ ਵਿਦੇਸ਼ੀ ਵਿਭਾਗ ਦੇ ਇੰਚਾਰਜ ਵਿਜੇ ਚੌਥੇਵਾਲੇ ਨੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੋਈ ਘਟਨਾ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਘਰ ਪਥਰਾਅ ਕੀਤਾ ਗਿਆ ਅਤੇ ਤਿਰੰਗੇ ਨੂੰ ਵੀ ਨੁਕਸਾਨ ਪਹੁੰਚਾਇਆ। ਪੁਲਿਸ ਦੇ ਮੁਕਾਬਲੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਜ਼ਿਆਦਾ ਸੀ। ਜਿਵੇਂ ਹੀ ਭੜਕੇ ਭਾਰਤੀਆਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ, ਪਾਕਿਸਤਾਨੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਚੌਥੇਵਾਲੇ ਨੇ ਟਵੀਟ ਕੀਤਾ ਹੈ, 'ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਜੋ ਕੁਝ ਹੋਇਆ ਉਹ ਨਿੰਦਣਯੋਗ ਹੈ। ਬੀਬੀਸੀ ਵਰਲਡ ਇਸਦੀ ਖਬਰ ਵੀ ਜਾਰੀ ਨਹੀਂ ਕਰੇਗਾ।' ਭਾਜਪਾ ਨੇਤਾ ਨੇ ਬੀਬੀਸੀ ਵੱਲੋਂ ਪਿਛਲੇ ਸ਼ੁੱਕਰਵਾਰ ਨੂੰ ਦਿੱਤੀ ਗਈ ਪ੍ਰਦਰਸ਼ਨ ਦੀ ਖਬਰ 'ਤੇ ਸਿੱਧਾ ਨਿਸ਼ਾਨਾ ਬੰਨਿ੍ਹਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਲੋਕ ਵੱਡੀ ਗਿਣਤੀ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨਾਲ ਘਿਰੇ ਸਨ। ਉਨ੍ਹਾਂ 'ਤੇ ਸਰੀਰਕ ਹਮਲਾ ਹੋਣ ਦਾ ਖਤਰਾ ਸੀ। ਹਾਈ ਕਮਿਸ਼ਨ ਦੇ ਮੁਲਾਜ਼ਮਾਂ ਨੇ ਹਰ ਕਿਸੇ ਨੂੰ ਭਵਨ ਦੇ ਅੰਦਰ ਬੁਲਾ ਲਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਭੇਜਿਆ।