ਲੰਡਨ, ਏਜੰਸੀ : ਪਾਕਿ ਮੂਲ ਦੇ ਇਕ ਵਿਅਕਤੀ ਨੇ ਇੰਗਲੈਂਡ ਦੇ ਡਰਬੀ 'ਚ ਇਕ ਗੁਰਦੁਆਰਾ ਸਾਹਿਬ 'ਚ ਤੋੜਭੰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਵਿਅਕਤੀ ਨੇ ਗੁਰਦੁਆਰੇ 'ਚ ਕਾਫ਼ੀ ਹੰਗਾਮਾ ਕੀਤਾ। ਇਸ ਸ਼ਖ਼ਸ ਨੇ ਆਪਣੇ ਇਕ ਨੋਟ 'ਚ ਕਸ਼ਮੀਰ ਦਾ ਜ਼ਿਕਰ ਕੀਤਾ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ। ਵੀਡੀਓ 'ਚ ਉਹ ਸ਼ਖ਼ਸ ਤੋੜਭੰਨ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਹੈ। ਗੁਰਦੁਆਰੇ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਦੇ ਟੁੱਟੇ ਹੋਏ ਸ਼ੀਸ਼ੇ ਫਰਸ਼ 'ਤੇ ਖਿੰਡੇ ਪਏ ਹਨ। ਫਿਲਹਾਲ ਮੌਕੇ 'ਤੇ ਪਹੁੰਚੀ ਡਰਬੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਡਰਬੀ ਪੁਲਿਸ ਇਹ ਵੀ ਤਹਿਕੀਕਾਤ ਕਰ ਰਹੀ ਹੈ ਕਿ ਕਿਤੇ ਉਸ ਦੇ ਸਬੰਧ ਕਸ਼ਮੀਰ ਨਾਲ ਜੁੜੇ ਕਿਸੇ ਅੱਤਵਾਦੀ ਸੰਗਠਨ ਨਾਲ ਤਾਂ ਨਹੀਂ ਹਨ।

ਲੇਬਰ ਪਾਰਟੀ ਦੀ ਐੱਮਪੀ ਪ੍ਰੀਤ ਕੌਰ ਗਿੱਲ ਨੇ ਘਟਨਾ 'ਤੇ ਪ੍ਰਗਟਾਇਆ ਦੁੱਖ

ਇਸ ਘਟਨਾ ਦੀ ਬ੍ਰਿਟੇਨ ਤੇ ਭਾਰਤ ਦੋਵਾਂ ਨੇ ਨਿੰਦਾ ਕੀਤੀ ਹੈ। ਬ੍ਰਿਟੇਨ 'ਚ ਲੇਬਰ ਪਾਰਟੀ ਦੀ ਐੱਮਪੀ ਪ੍ਰੀਤ ਕੌਰ ਗਿੱਲ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਕਿਸੇ ਵੀ ਧਾਰਮਿਕ ਸਥਾਨ 'ਤੇ ਹਮਲਾ ਦੁਖਦਾਈ ਹੈ। ਇਸ ਘਟਨਾ ਨਾਲ ਮਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਉਹ ਸੰਗਤ ਦੇ ਨਾਲ ਹਨ। ਕੋਰੋਨਾ ਮਹਾਮਾਰੀ ਦੌਰਾਨ ਇਹ ਗੁਰਦੁਆਰਾ ਰੋਜ਼ਾਨਾ 500 ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਿਹਾ ਹੈ। ਕੌਰ ਨੇ ਇਸ ਦੀ ਤਾਰੀਫ਼ ਕੀਤੀ।

ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ- ਇਹ ਖ਼ਬਰ ਦੁਖਦਾਈ ਤੇ ਹੈਰਾਨ ਕਰਨ ਵਾਲੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟੇਨ 'ਚ ਹੋਈ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਖ਼ਬਰ ਦੁਖਦ ਤੇ ਹੈਰਾਨ ਕਰਨ ਵਾਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਦੁਨੀਆ 'ਚ ਮਨੁੱਖਤਾ ਨੂੰ ਜੀਵਤ ਰੱਖਣਾ ਹੈ ਤਾਂ ਸਮਾਜ 'ਚ ਅਜਿਹੀ ਅਸਹਿਣਸ਼ੀਲਤਾ ਤੇ ਨਫ਼ਰਤ ਨੂੰ ਖ਼ਤਮ ਕਰਨਾ ਚਾਹੀਦਾ ਹੈ। ਉਨ੍ਹਾਂ ਇਕ ਟਵੀਟ 'ਚ ਕਿਹਾ ਕਿ 'ਪਾਕਿ ਮੂਲ ਦੇ ਇਕ ਵਿਅਕਤੀ ਵੱਲੋਂ ਡਰਬੀ ਦੇ ਅਰਜਨ ਦੇਵ ਗੁਰਦੁਆਰੇ 'ਚੇ ਹੰਗਾਮਾ ਤੇ ਭੰਨਤੋੜ ਦੀ ਘਟਨਾ ਨਿੰਦਣਯੋਗ ਹੈ। ਖਾਸਕਰ ਉਦੋਂ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੇ ਸੰਕਟ ਨਾਲ ਜੂਝ ਰਹੀ ਹੈ।'

Posted By: Seema Anand