ਲੰਡਨ (ਏਜੰਸੀ) : ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਫਿਲਹਾਲ ਰੋਕਣਾ ਪਿਆ ਹੈ। ਟ੍ਰਾਇਲ 'ਚ ਹਿੱਸਾ ਲੈ ਰਹੇ ਇਕ ਬਰਤਾਨਵੀ ਵਲੰਟੀਅਰ ਦੇ ਬਿਮਾਰ ਪੈਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਆਕਸਫੋਰਡ ਨਾਲ ਮਿਲ ਕੇ ਬਾਇਓਫਾਰਮਾਸਿਊਟੀਕਲ ਫਰਮ ਐਸਟ੍ਰਾਜੈਨੇਕਾ ਇਹ ਵੈਕਸੀਨ ਤਿਆਰ ਕਰ ਰਹੀ ਹੈ। ਪਹਿਲੇ ਤੇ ਦੂਜੇ ਪੜਾਅ 'ਚ ਕਾਮਯਾਬ ਰਹਿਣ ਤੋਂ ਬਾਅਦ ਇਸ ਦਾ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਅਗਲੇ ਸਾਲ ਦੇ ਸ਼ੁਰੂ ਤਕ ਇਸ ਦੇ ਬਾਜ਼ਾਰ 'ਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

ਵੈਕਸੀਨ ਦੇ ਤੀਜੇ ਗੇੜ ਦੇ ਟ੍ਰਾਇਲ 'ਚ ਦੁਨੀਆ ਭਰ ਤੋਂ ਕਰੀਬ 30,000 ਵਲੰਟੀਅਰ ਜੁੜੇ ਹਨ। ਐਸਟ੍ਰੇਜੈਨੇਕਾ ਦੇ ਬੁਲਾਰੇ ਨੇ ਦੱਸਿਆ ਕਿ ਵੈਕਸੀਨ ਦੇ ਆਲਮੀ ਪੱਧਰ 'ਤੇ ਚੱਲ ਰਹੇ ਟ੍ਰਾਇਲ ਦੌਰਾਨ ਆਪਣੀ ਮਾਨਕ ਪ੍ਰਕਿਰਿਆ ਤਹਿਤ ਅਸੀਂ ਸੁਤੰਤਰ ਕਮੇਟੀ ਤੋਂ ਸਮੀਖਿਆ ਲਈ ਫਿਲਹਾਲ ਪ੍ਰਰੀਖਣ ਲਈ ਰੋਕ ਦਿੱਤਾ ਹੈ। ਟ੍ਰਾਇਲ 'ਚ ਹਿੱਸਾ ਲੈਣ ਵਾਲੇ ਕਿਸੇ ਵੀ ਵਲੰਟੀਅਰ ਦੀ ਕਿਸੇ ਵੀ ਕਾਰਨ ਤਬੀਅਤ ਖ਼ਰਾਬ ਹੋ ਜਾਣ ਦੀ ਸਥਿਤੀ 'ਚ ਕਿਸੇ ਸੁਤੰਤਰ ਏਜੰਸੀ ਤੋਂ ਜਾਂਚ ਹੋ ਜਾਣ ਤਕ ਪ੍ਰਰੀਖਣ ਰੋਕ ਦਿੱਤਾ ਜਾਂਦਾ ਹੈ, ਤਾਂ ਜੋ ਪ੍ਰਕਿਰਿਆ 'ਤੇ ਭਰੋਸਾ ਬਣਿਆ ਰਹੇ। ਬੁਲਾਰੇ ਨੇ ਦੱਸਿਆ ਕਿ ਉਲਟ ਅਸਰ ਸਿਰਫ਼ ਇਕ ਹੀ ਵਲੰਟੀਅਰ 'ਤੇ ਦਿਖਾਈ ਦਿੱਤਾ ਹੈ। ਸਾਡੀ ਟੀਮ ਇਸ ਦੀ ਸਮੀਖਿਆ ਕਰ ਰਹੀ ਹੈ, ਜਿਸ ਨਾਲ ਟ੍ਰਾਇਲ ਦੀ ਟਾਈਮ ਲਾਈਨ 'ਤੇ ਕੋਈ ਅਸਰ ਨਾ ਪਵੇ। ਅਸੀਂ ਪੂਰੀ ਸੁਰੱਖਿਆ ਤੇ ਤੈਅ ਮਾਪਦੰਡਾਂ ਦੇ ਹਿਸਾਬ ਨਾਲ ਪ੍ਰੀਖਣ ਲੀ ਪ੍ਰਤੀਬੱਧ ਹਾਂ। ਉਮੀਦ ਹੈ ਕਿ ਛੇਤੀ ਹੀ ਪ੍ਰਰੀਖਣ ਫਿਰ ਤੋਂ ਸ਼ੁਰੂ ਹੋ ਜਾਵੇਗਾ।

ਭਾਰਤ 'ਚ ਨਹੀਂ ਰੁਕਿਆ ਟ੍ਰਾਇਲ

ਆਕਸਫੋਰਡ ਦੀ ਵੈਕਸੀਨ ਦਾ ਭਾਰਤ 'ਚ ਪ੍ਰਰੀਖਣ ਕਰ ਰਹੇ ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਇੱਥੇ ਟ੍ਰਾਇਲ 'ਤੇ ਕੋਈ ਅਸਰ ਨਹੀਂ ਪਿਆ। ਇੰਸਟੀਚਿਊਟ ਨੇ ਕਿਹਾ ਕਿ ਅਸੀਂ ਬਰਤਾਨੀਆ 'ਚ ਚੱਲ ਰਹੇ ਟ੍ਰਾਇਲ 'ਤੇ ਕੋਈ ਟਿੱਪਣੀ ਨਹੀਂ ਕਰ ਰਹੇ। ਉੱਥੇ ਉਨ੍ਹਾਂ ਨੇ ਕੁਝ ਕਾਰਨਾਂ ਤੋਂ ਟ੍ਰਾਇਲ ਨੂੰ ਰੋਕਿਆ ਹੈ, ਪਰ ਇਸ ਦੇ ਛੇਤੀ ਹੀ ਫਿਰ ਸ਼ੁਰੂ ਹੋਣ ਦੀ ਉਮੀਦ ਹੈ। ਭਾਰਤ 'ਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਈ।

ਡਬਲਯੂਐੱਚਓ ਨੇ ਕਿਹਾ, ਸੁਰੱਖਿਆ ਸਾਡੀ ਪਹਿਲ

ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦੇ ਮਾਮਲੇ 'ਚ ਸਰਬਉੱਚ ਸੁਰੱਖਿਆ ਸਾਡੀ ਪਹਿਲ 'ਚ ਹੈ। ਡਬਲਯੂਐੱਚਓ ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ, 'ਅਸੀਂ ਤੇਜ਼ੀ ਦੀ ਗੱਲ ਕਰ ਰਹੇ ਹਾਂ, ਇਸ ਦਾ ਇਹ ਅਰਥ ਨਹੀਂ ਹੈ ਕਿ ਸੁਰੱਖਿਆ ਨਾਲ ਸਮਝੌਤਾ ਕੀਤਾ ਜਾਵੇਗਾ।