ਲੰਡਨ (ਪੀਟੀਆਈ) : ਭਾਰਤੀ ਕਾਰੋਬਾਰੀ ਐੱਮ ਏ ਯੂਸਫ ਅਲੀ ਦੇ ਲੁਲੂ ਗਰੁੱਪ ਨੇ ਲੰਡਨ ਪੁਲਿਸ ਸਕਾਟਲੈਂਡ ਯਾਰਡ ਦੇ ਪੁਰਾਣੇ ਹੈੱਡਕੁਆਰਟਰ ਨੂੰ ਖ਼ਰੀਦ ਕੇ ਲਗਜ਼ਰੀ ਹੋਟਲ ਵਿਚ ਬਦਲ ਦਿੱਤਾ ਹੈ। ਇਸ ਨੂੰ ਗ੍ਰੇਟ ਸਕਾਟਲੈਂਡ ਯਾਰਡ ਹੋਟਲ ਨਾਂ ਦਿੱਤਾ ਗਿਆ ਹੈ। ਕੇਰਲ ਵਿਚ ਜਨਮੇ ਯੂਸਫ ਦੇ ਸਮੂਹ ਨੇ ਮੱਧ ਲੰਡਨ ਵਿਚ ਸਥਿਤ ਇਸ ਇਮਾਰਤ ਨੂੰ 2015 ਵਿਚ 1025 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਬਾਅਦ ਵਿਚ ਇਸ ਨੂੰ ਲਗਜ਼ਰੀ ਹੋਟਲ ਵਿਚ ਤਬਦੀਲ ਕਰਨ ਲਈ ਉਸ ਨੇ 512 ਕਰੋੜ ਰੁਪਏ ਹੋਰ ਖ਼ਰਚ ਕੀਤੇ।

ਸੰਯੁਕਤ ਅਰਬ ਅਮੀਰਾਤ (ਯੂਏਈ) ਸਥਿਤ ਲੁਲੂ ਗਰੁੱਪ ਇੰਟਰਨੈਸ਼ਨਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਯੂਸਫ ਅਲੀ ਨੇ ਕਿਹਾ ਕਿ ਲੰਡਨ ਦੁਨੀਆ ਦੇ ਬਿਹਤਰੀਨ ਸ਼ਹਿਰਾਂ ਵਿਚ ਸ਼ਾਮਲ ਹੈ। ਗ੍ਰੇਟ ਸਕਾਟਲੈਂਡ ਯਾਰਡ ਹੋਟਲ ਇਸ ਸ਼ਹਿਰ ਦੇ ਸ਼ਾਨਦਾਰ ਅਤੀਤ ਦੇ ਨਾਲ ਹੀ ਆਧੁਨਿਕ ਗੌਰਵ ਨੂੰ ਵੀ ਦਰਸਾਉਂਦਾ ਹੈ। ਇਸ ਹੋਟਲ ਦਾ ਉਦਘਾਟਨ ਇਸੇ ਹਫ਼ਤੇ ਬਿ੍ਟੇਨ ਦੀ ਡਿਜੀਟਲ, ਮੀਡੀਆ, ਖੇਡ ਅਤੇ ਸੰਸਕ੍ਰਿਤੀ ਮੰਤਰੀ ਨਿਕੀ ਮੋਰਗਨ ਅਤੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਨਸ਼ਿਆਮ ਦੇ ਹੱਥੋਂ ਹੋਵੇਗਾ। ਇਹ ਹੋਟਲ ਸੋਮਵਾਰ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਏਗਾ।

ਇਕ ਰਾਤ ਲਈ ਦੇਣੇ ਹੋਣਗੇ 40 ਹਜ਼ਾਰ ਰੁਪਏ

ਸੱਤ ਮੰਜ਼ਲਾ ਗ੍ਰੇਟ ਸਕਾਟਲੈਂਡ ਯਾਰਡ ਹੋਟਲ ਵਿਚ 152 ਕਮਰੇ ਅਤੇ 15 ਸੁਇਟ ਦੇ ਇਲਾਵਾ ਇਕ ਪ੍ਰੈਜ਼ੀਡੈਂਸ਼ੀਅਲ ਸੁਇਟ ਵੀ ਹੈ। ਹੋਟਲ ਵਿਚ ਚਾਰ ਰੈਸਤਰਾਂ ਵੀ ਬਣਾਏ ਗਏ ਹਨ। ਇਨ੍ਹਾਂ ਵਿਚ ਅੰਤਰਰਾਸ਼ਟਰੀ ਅਤੇ ਬਿ੍ਟਿਸ਼ ਵਿਅੰਜਨ ਪਰੋਸੇ ਜਾਣਗੇ। ਹੋਟਲ ਦੇ ਕਮਰਿਆਂ ਦੇ ਕਿਰਾਏ ਦੀ ਸ਼ੁਰੂਆਤ 40 ਹਜ਼ਾਰ ਰੁਪਏ ਤੋਂ ਹੋਵੇਗੀ।

ਸਕਾਟਲੈਂਡ ਦੇ ਰਾਜਾ ਦਾ ਸੀ ਨਿਵਾਸ

15-16ਵੀਂ ਸਦੀ ਦੌਰਾਨ ਸਕਾਟਲੈਂਡ ਦੇ ਰਾਜਾ ਜਦੋਂ ਲੰਡਨ ਆਉਂਦੇ ਸਨ ਤਾਂ ਗ੍ਰੇਟ ਸਕਾਟਲੈਂਡ ਯਾਰਡ ਇਮਾਰਤ ਵਿਚ ਹੀ ਰੁੱਕਦੇ ਸਨ। ਬਾਅਦ ਵਿਚ ਇਹ ਇਮਾਰਤ ਲੰਡਨ ਪੁਲਿਸ ਦਾ ਹੈੱਡਕੁਆਰਟਰ ਬਣ ਗਈ ਸੀ। 2015 ਵਿਚ ਇਸ ਨੂੰ ਵੇਚ ਦਿੱਤਾ ਗਿਆ। ਲੰਡਨ ਪੁਲਿਸ ਦਾ ਹੈੱਡਕੁਆਰਟਰ ਹੁਣ ਕਰਟਿਸ ਗ੍ਰੀਨ ਬਿਲਡਿੰਗ ਹੈ।