ਲੰਡਨ (ਪੀਟੀਆਈ) : ਬਰਤਾਨੀਆ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਸੱਤਵੀਂ ਵਾਰ ਖ਼ਾਰਜ ਕਰ ਦਿੱਤੀ। ਨੀਰਵ ਮੋਦੀ ਭਾਰਤ 'ਚ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਤੋਂ 14 ਹਜ਼ਾਰ ਕਰੋੜ ਰੁਪਏ ਦੇ ਕਰਜ਼ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਮੁਲਜ਼ਮ ਹੈ। ਉਸ ਨੂੰ ਪਿਛਲੇ ਸਾਲ ਮਾਰਚ ਮਹੀਨੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ, ਉਦੋਂ ਤੋਂ ਉਹ ਲੰਡਨ ਦੀ ਇਕ ਜੇਲ੍ਹ 'ਚ ਬੰਦ ਹੈ।

ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਜ਼ਿਲ੍ਹਾ ਸੱਜ ਸੈਮੂਅਲ ਗੂਜੀ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੀਤੀ। ਜੱਜ ਨੇ ਕਿਹਾ ਕਿ ਪਟੀਸ਼ਨ ਵਿਚ ਅਜਿਹਾ ਕੋਈ ਮਜ਼ਬੂਤ ਤੱਥ ਪੇਸ਼ ਨਹੀਂ ਕੀਤਾ ਗਿਆ ਹੈ ਜਿਸ ਦੇ ਆਧਾਰ 'ਤੇ ਜ਼ਮਾਨਤ ਦੇਣ 'ਤੇ ਵਿਚਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜੱਜ ਨੇ ਪਟੀਸ਼ਨ ਖ਼ਾਰਜ ਕਰ ਦਿੱਤੀ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਤੋਂ ਲੈ ਕੇ ਹਾਈ ਕੋਰਟ ਤਕ ਵਿਚ ਉਸ ਦੀਆਂ ਛੇ ਵਾਰ ਜ਼ਮਾਨਤ ਪਟੀਸ਼ਨਾਂ ਖ਼ਾਰਜ ਹੋ ਚੁੱਕੀਆਂ ਹਨ।