ਲੰਡਨ (ਪੀਟੀਆਈ) : ਦੋ ਅਰਬ ਡਾਲਰ ਦੇ ਪੀਐੱਨਬੀ ਘੁਟਾਲੇ ਤੇ ਮਨੀ ਲਾਂਡਰਿੰਗ 'ਚ ਮੁਲਜ਼ਮ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਬਰਤਾਨੀਆ ਦੀ ਅਦਾਲਤ 'ਚ ਵੀਰਵਾਰ ਨੂੰ ਵੀਡੀਓ ਲਿੰਕ ਰਾਹੀਂ ਪੇਸ਼ੀ ਹੋਈ। ਲੰਡਨ ਸਥਿਤ ਜੇਲ੍ਹ 'ਚ ਕੈਦ ਮੋਦੀ ਦੀ ਨਿਆਇਕ ਹਿਰਾਸਤ 19 ਸਤੰਬਰ ਤਕ ਵਧਾ ਦਿੱਤੀ ਗਈ ਹੈ। ਹਾਲਾਂਕਿ ਨੀਰਵ ਮੋਦੀ ਦੀ ਹਵਾਲਗੀ ਲਈ ਪੰਜ ਦਿਨ ਦੀ ਸੁਣਵਾਈ ਅਗਲੇ ਸਾਲ ਮਈ ਤੋਂ ਸ਼ੁਰੂ ਹੋਣ ਦੇ ਆਸਾਰ ਹਨ।

ਇਸ ਸੰਖੇਪ ਸੁਣਵਾਈ ਦੌਰਾਨ 48 ਸਾਲਾ ਨੀਰਵ ਮੋਦੀ ਨੂੰ ਵੈਸਟਮਿਨਿਸਟਰ ਕੋਰਟ ਦੇ ਜੱਜ ਟੈਨ ਇਕਰਾਮ ਨੇ ਦੱਸਿਆ ਕਿ ਭਾਰਤ ਹਵਾਲਗੀ ਮਾਮਲੇ 'ਚ ਉਨ੍ਹਾਂ ਦੀ ਸੁਣਵਾਈ ਦੀਆਂ ਤਰੀਕਾਂ ਅਗਲੀ ਸੁਣਵਾਈ 'ਤੇ ਯਾਨੀ 19 ਸਤੰਬਰ ਨੂੰ ਨਿਰਧਾਰਤ ਹੋਣਗੀਆਂ। ਇਸ ਦਿਨ ਨੀਰਵ ਮੋਦੀ ਦੀ ਮੁੜ ਤੋਂ ਅਦਾਲਤ 'ਚ ਵੀਡੀਓ ਲਿੰਕ ਰਾਹੀਂ ਹੀ ਪੇਸ਼ੀ ਕੀਤੀ ਜਾਵੇਗੀ।

ਹਾਲਾਂਕਿ ਪਾਕਿਸਤਾਨੀ ਮੂਲ ਦੇ ਜੱਜ ਟੈਨ (ਤਨਵੀਰ) ਇਕਰਾਮ ਨੇ ਕਿਹਾ ਕਿ ਮਾਮਲੇ 'ਚ ਅੱਜ ਕੋਈ ਪ੍ਰਗਰੈੱਸ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਕੋਰਟ ਕਲਰਕ ਨੂੰ ਨੀਰਵ ਮੋਦੀ ਦੀ ਹਵਾਲਗੀ ਲਈ ਪੰਜ ਦਿਨ ਦੀ ਸੁਣਵਾਈ ਦੀਆਂ ਤਰੀਕਾਂ 11 ਮਈ, 2020 ਤੋਂ ਸ਼ੁਰੂ ਕਰਨ ਲਈ ਪੁਸ਼ਟੀ ਕਰਨ ਦੀਆਂ ਹਦਾਇਤਾਂ ਦਿੱਤੀਆਂ। ਧਿਆਨ ਰਹੇ ਕਿ ਮਾਮਲੇ ਦੇ ਪ੍ਰਬੰਧਨ ਨੂੰ ਲੈ ਕੇ ਵੀ ਅਗਲੇ ਸਾਲ ਫਰਵਰੀ ਤੋਂ ਸੁਣਵਾਈ ਹੋਣ ਦੀ ਉਮੀਦ ਹੈ।

ਨੀਰਵ ਮੋਦੀ ਨੂੰ ਲੰਡਨ ਦੇ ਦੱਖਣ-ਪੱਛਮ ਸਥਿਤ ਵਾਂਡਸਵਰਥ ਜੇਲ੍ਹ 'ਚ ਪਿਛਲੀ ਮਾਰਚ ਤੋਂ ਰੱਖਿਆ ਗਿਆ ਹੈ। ਉਨ੍ਹਾਂ ਨੂੰ ਇੱਥੇ ਹਵਾਲਗੀ ਦੀ ਸੁਣਵਾਈ ਪੂਰੀ ਹੋਣ ਤਕ ਰੱਖਿਆ ਜਾਣਾ ਹੈ। ਬੀਤੀ ਜੁਲਾਈ 'ਚ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ 'ਚ ਸੁਣਵਾਈ ਦੌਰਾਨ ਜੱਜ ਨੇ ਸੰਕੇਤ ਦਿੱਤਾ ਸੀ ਕਿ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਪੰਜ ਦਿਨ ਦੀ ਹਵਾਲਗੀ ਸੁਣਵਾਈ ਲਈ ਤਰੀਕ ਨਿਰਧਾਰਤ ਕੀਤੀ ਜਾਵੇਗੀ। ਬਰਤਾਨਵੀ ਕਾਨੂੰਨ ਤਹਿਤ ਨੀਰਵ ਮੋਦੀ ਨੂੰ ਅਦਾਲਤ ਸਾਹਮਣੇ 28 ਦਿਨ ਦੇ ਵਖਵੇ 'ਤੇ ਪੇਸ਼ ਕੀਤਾ ਜਾਣਾ ਹੈ। ਗਿ੍ਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੇ ਕਈ ਵਾਰ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਪਟੀਸ਼ਨ ਹਰ ਵਾਰ ਭਗੌੜਾ ਦੱਸ ਕੇ ਖ਼ਾਰਜ ਕਰ ਦਿੱਤੀ ਗਈ।