ਲੰਡਨ (ਪੀਟੀਆਈ) : ਲੰਡਨ 'ਚ ਇਲਾਜ ਕਰਵਾ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਦਿਲ ਦੀ ਬਿਮਾਰੀ ਕਾਰਨ 'ਬੋਨ ਮੈਰੋ' ਟੈਸਟ ਕੀਤਾ ਜਾਵੇਗਾ। ਇਸ ਬਾਰੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਗਈ।

69 ਸਾਲਾ ਸ਼ਰੀਫ਼ 19 ਨਵੰਬਰ ਨੂੰ ਇਲਾਜ ਲਈ ਲਾਹੌਰ ਤੋਂ ਲੰਡਨ ਲਈ ਇਕ ਏਅਰ ਐਂਬੂਲੈਂਸ ਰਾਹੀਂ ਰਵਾਨਾ ਹੋਏ ਸਨ। ਉਨ੍ਹਾਂ ਦੇ ਪੁੱਤਰ ਹੁਸੈਨ ਨੇ ਦੱਸਿਆ ਕਿ ਡਾਕਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਦੇ ਪਿਤਾ ਦਾ 'ਬੋਨ ਮੈਰੋ' ਟੈਸਟ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਟੈਸਟ ਨਾਲ ਪਤਾ ਚੱਲੇਗਾ ਕਿ ਉਨ੍ਹਾਂ ਦੇ ਪਿਤਾ ਦੀ 'ਬੋਨ ਮੈਰੋ' ਠੀਕਠਾਕ ਹੈ ਤੇ ਉਹ ਲੋੜੀਂਦੇ ਬਲੱਡ ਸੈੱਲ ਬਣਾ ਰਹੀ ਹੈ।

ਸ਼ਰੀਫ਼ ਦੀ ਸਿਹਤ 'ਚ ਕੋਈ ਸੁਧਾਰ ਨਹੀਂ

ਲੰਡਨ ਜਾ ਕੇ ਇਲਾਜ ਕਰਵਾ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਇਹ ਜਾਣਕਾਰੀ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਹੁਸੈਨ ਨਵਾਜ਼ ਨੇ ਦਿੱਤੀ ਹੈ। ਹੁਸੈਨ ਅਨੁਸਾਰ ਡਾਕਟਰਾਂ ਦੀ ਪੁਰਜ਼ੋਰ ਕੋਸ਼ਿਸ਼ ਦੇ ਬਾਵਜੂਦ ਮੇਰੇ ਪਿਤਾ ਦੀ ਸਿਹਤ ਵਿਚ ਅਜੇ ਤਕ ਕੋਈ ਜ਼ਿਕਰਯੋਗ ਸੁਧਾਰ ਨਹੀਂ ਹੋਇਆ ਹੈ। ਨਵਾਜ਼ ਸਾਹਿਬ ਦੀ ਹਾਲਤ ਪਹਿਲਾਂ ਵਾਂਗ ਬਣੀ ਹੋਈ ਹੈ।

ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਤ ਹੁਸੈਨ ਨੇ ਦੇਸ਼ ਦੀ ਜਨਤਾ ਤੋਂ ਨਵਾਜ਼ ਸ਼ਰੀਫ਼ ਦੀ ਸਿਹਤ ਲਈ ਦੁਆ ਕਰਨ ਦੀ ਅਪੀਲ ਕੀਤੀ। ਪਰਿਵਾਰ ਦੇ ਮੈਂਬਰਾਂ ਅਨੁਸਾਰ ਨਵਾਜ਼ ਸ਼ਰੀਫ਼ ਦਾ ਇਲਾਜ ਲੰਡਨ ਦੇ ਬਿ੍ਜ ਹਸਪਤਾਲ ਵਿਚ ਚੱਲ ਰਿਹਾ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਸ਼ਰੀਫ਼ ਦੀ ਤਬੀਅਤ ਜ਼ਿਆਦਾ ਵਿਗੜਨ 'ਤੇ ਲਾਹੌਰ ਹਾਈਕੋਰਟ ਨੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਇਲਾਜ ਕਰਵਾਉਣ ਲਈ ਜ਼ਮਾਨਤ ਦਿੱਤੀ ਸੀ।