ਹੇਗ (ਏਜੰਸੀ) : ਨੀਦਰਲੈਂਡਸ ਤੋਂ ਬਰਤਾਨੀਆ ਜਾ ਰਹੇ ਇਕ ਜਹਾਜ਼ ਦੇ ਕੰਟੇਨਰ 'ਚੋਂ 25 ਸ਼ਰਨਾਰਥੀ ਫੜੇ ਗਏ ਹਨ। ਇਹ ਗ਼ੈਰ ਕਾਨੂੰਨੀ ਤਰੀਕੇ ਨਾਲ ਬਰਤਾਨੀਆ 'ਚ ਦਾਖ਼ਲ ਹੋਣ ਦੀ ਫਿਰਾਕ 'ਚ ਸਨ। ਪਿਛਲੇ ਮਹੀਨੇ ਬਰਤਾਨੀਆ 'ਚ ਇਕ ਰੈਫਰਿਜਰੇਟਿਡ ਟਰੱਕ ਕੰਟੇਨਰ 'ਚੋਂ 39 ਲਾਸ਼ਾਂ ਮਿਲੀਆਂ ਸਨ। ਜਾਂਚ ਪੜਤਾਲ 'ਚ ਪਤਾ ਲੱਗਿਆ ਕਿ ਸਾਰੇ ਵਿਅਤਨਾਮ ਦੇ ਨਾਗਰਿਕ ਸਨ। ਨੀਦਰਲੈਂਡਸ ਦੇ ਐਮਰਜੈਂਸੀ ਸੇਵਾ ਵਿਭਾਗ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਰੋਟਰਡਮ ਦੇ ਨੇੜੇ ਵਲਾਰਦਿੰਗੇਨ ਬੰਦਰਗਾਹ ਤੋਂ ਬਰਤਾਨੀਆ ਦੇ ਫੈਲਿਕਸਸਟੋਵ ਜਾ ਰਹੇ ਮਾਲਵਾਹਕ ਜਹਾਜ਼ ਦੇ ਰੈਫਰਿਜਰੇਟਿਡ ਕੰਟੇਨਰ 'ਚ 25 ਲੋਕ ਲੁਕੇ ਬੈਠੇ ਸਨ। ਮੰਗਲਵਾਰ ਨੂੰ ਇਹ ਮਾਮਲਾ ਨੋਟਿਸ 'ਚ ਆਉਣ ਤੋਂ ਬਾਅਦ ਜਹਾਜ਼ ਨੂੰ ਫ਼ੌਰੀ ਤੌਰ 'ਤੇ ਵਾਪਸ ਨੀਦਰਲੈਂਡਸ ਲਿਆਂਦਾ ਗਿਆ, ਕੰਟੇਨਰ 'ਚ ਬੰਦ ਰਹਿਣ ਕਾਰਨ ਦੋ ਲੋਕਾਂ ਦੀ ਹਾਲਤ ਖ਼ਰਾਬ ਹੋ ਗਈ ਸੀ, ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਲੋਕਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਉਨ੍ਹਾਂ ਦੀ ਨਾਗਰਿਕਤਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਸ਼ਰਨਾਰਥੀਆਂ ਨੂੰ ਜਹਾਜ਼ ਤਕ ਪਹੁੰਚਾਉਣ ਵਾਲੇ ਟਰੱਕ ਦੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਨੀਦਰਲੈਂਡਸ 'ਚ ਹੀ ਮੰਗਲਵਾਰ ਨੂੰ ਇਕ ਹੋਰ ਘਟਨਾ 'ਚ ਸ਼ਰਨ ਦੀ ਭਾਲ 'ਚ ਪੂਰਬੀ ਯੂਰਪੀ ਦੇਸ਼ ਮੋਲਦੋਵਾ ਤੋਂ ਆਏ 65 ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।