ਲੰਡਨ (ਪੀਟੀਆਈ) : ਦੱਖਣੀ ਲੰਡਨ ਦੀ ਇਕ ਗਲੀ ਵਿਚ ਚਾਕੂ ਨਾਲ ਹਮਲਾ ਕਰ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰਨ ਵਾਲਾ ਤੇ ਸਕਾਟਲੈਂਡ ਯਾਰਡ ਵੱਲੋਂ ਮਾਰਿਆ ਗਿਆ ਸ਼ੱਕੀ ਅੱਤਵਾਦੀ ਸੀ ਜਿਸ ਦਾ ਪਿਛੋਕੜ ਸ੍ਰੀਲੰਕਾ ਨਾਲ ਸਬੰਧਤ ਸੀ। ਉਹ ਸਜ਼ਾ ਯਾਫ਼ਤਾ ਇਸਲਾਮਿਕ ਅੱਤਵਾਦੀ ਸੀ ਤੇ ਆਪਣੀ ਅੱਧੀ ਸਜ਼ਾ ਕੱਟ ਕੇ ਬਾਹਰ ਆਇਆ ਸੀ ਅਤੇ ਪੁਲਿਸ ਦੀ ਨਿਗਰਾਨੀ ਹੇਠ ਸੀ।

ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਸੁਦੇਸ਼ ਮਾਮੂਰ ਫਰਾਜ਼ ਅਮਾਨ (20) ਬਿ੍ਟਿਸ਼ ਨਾਗਰਿਕ ਸੀ ਤੇ ਉਸ ਦਾ ਪਿਛੋਕੜ ਸ੍ਰੀਲੰਕਾ ਨਾਲ ਸਬੰਧਤ ਸੀ। ਉਸ ਦੇ ਆਈਐੱਸ ਨਾਲ ਸਿੱਧੇ ਸਬੰਧ ਸਨ। ਉਸ ਨੂੰ ਅੱਤਵਾਦ ਨਾਲ ਸਬੰਧਤ 10 ਦੋਸ਼ਾਂ ਤਹਿਤ ਦਸੰਬਰ 2018 'ਚ ਤਿੰਨ ਸਾਲ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਆਪਣੀ ਅੱਧੀ ਸਜ਼ਾ ਕੱਟ ਕੇ ਬਾਹਰ ਆਇਆ ਸੀ ਤੇ ਪੁਲਿਸ ਦੀ ਨਿਗਰਾਨੀ ਹੇਠ ਸੀ। ਗਿ੍ਫ਼ਤਾਰੀ ਪਿੱਛੋਂ ਉਸ 'ਤੇ ਲਗਾਏ ਗਏ 10 ਦੋਸ਼ਾਂ ਵਿਚ ਅੱਤਵਾਦੀ ਹਮਲੇ ਲਈ ਧਮਾਕਾਖੇਜ਼ ਸਮੱਗਰੀ ਤਿਆਰ ਕਰਨਾ ਤੇ ਹਥਿਆਰ ਬਣਾਉਣਾ। ਬੰਬ ਤਿਆਰ ਕਰਨਾ ਤੇ ਚਾਕੂ ਨਾਲ ਲੜਾਈ ਸ਼ਾਮਲ ਸਨ। ਉਸ ਨੇ ਆਪਣੀ ਪ੍ਰਰੇਮਿਕਾ ਨੂੰ ਵੀ ਦੱਸਿਆ ਸੀ ਕਿ ਉਹ ਆਪਣੇ ਕੁਫਰ ਤੋਲਣ ਵਾਲੇ ਮਾਪਿਆਂ ਨੂੰ ਵੀ ਮਾਰ ਦੇਵੇਗਾ। ਪੁਲਿਸ ਨੇ ਉਸ ਦੇ ਘਰ ਵਿਚੋਂ ਨੋਟਪੈਡ ਪ੍ਰਰਾਪਤ ਕੀਤਾ ਹੈ ਜਿਸ ਵਿਚ ਉਸ ਨੇ ਆਪਣੇ ਜੀਵਨ ਦੇ ਟੀਚੇ ਲਿਖੇ ਹਨ।

ਐਤਵਾਰ ਨੂੰ ਪੁਲਿਸ ਵੱਲੋਂ ਉਸ ਨੂੰ ਮਾਰਨ ਸਮੇਂ ਉਸ ਨੇ ਪੁਲਿਸ ਨੂੰ ਧਮਕਾਉਂਦਿਆਂ ਕਿਹਾ ਸੀ ਕਿ ਉਸ ਨੇ ਆਪਣੇ ਸਰੀਰ ਨਾਲ ਬੰਬ ਬੰਨਿ੍ਹਆ ਹੋਇਆ ਹੈ। ਉਸ ਨੇ ਜਿਸ 40 ਸਾਲਾ ਵਿਅਕਤੀ 'ਤੇ ਚਾਕੂ ਨਾਲ ਹਮਲਾ ਕੀਤਾ ਸੀ ਉਹ ਹੁਣ ਖ਼ਤਰੇ ਤੋਂ ਬਾਹਰ ਹੈ ਅਤੇ ਇਕ ਹੋਰ ਜ਼ਖ਼ਮੀ ਅੌਰਤ ਨੂੰ ਇਲਾਜ ਪਿੱਛੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਮਲੇ ਸਮੇਂ ਸਕਾਟਲੈਂਡ ਪੁਲਿਸ ਦੇ ਦੋ ਜਵਾਨ ਉਸ ਦੇ ਨਾਲ-ਨਾਲ ਬਿਨਾਂ ਵਰਦੀ ਚੱਲ ਰਹੇ ਸਨ ਤਾਂਕਿ ਉਹ ਕੋਈ ਗ਼ਲਤ ਹਰਕਤ ਨਾ ਕਰ ਦੇਵੇ।