ਲੰਡਨ (ਪੀਟੀਆਈ) : ਸਭ ਤੋਂ ਛੋਟੀ ਉਮਰ ਵਿਚ ਨੋਬਲ ਸ਼ਾਂਤੀ ਪੁਰਸਕਾਰ ਪ੍ਰਰਾਪਤ ਕਰਨ ਵਾਲੀ ਮਲਾਲਾ ਯੂਸਫਜ਼ਈ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ, ਪੋਲੀਟਿਕਸ ਤੇ ਇਕਨਾਮਿਕਸ 'ਚ ਡਿਗਰੀ ਪ੍ਰਰਾਪਤ ਕੀਤੀ ਹੈ। ਦੱਸਣਯੋਗ ਹੈ ਕਿ ਪਾਕਿਸਤਾਨ 'ਚ ਸਕੂਲ ਜਾਣ ਦੀ ਉਸ ਦੀ ਜ਼ਿੱਦ ਕਾਰਨ ਅੱਤਵਾਦੀਆਂ ਨੇ ਉਸ ਦੇ ਸਿਰ 'ਚ ਗੋਲ਼ੀ ਮਾਰੀ ਸੀ ਜਿਸ ਪਿੱਛੋਂ ਉਹ ਬਰਤਾਨੀਆ 'ਚ ਰਹਿ ਰਹੀ ਹੈ।

ਮਲਾਲਾ (22) ਜਿਸ ਨੇ ਆਕਸਫੋਰਡ ਲੇਡੀ ਮਾਰਗਰੇਟ ਹਾਲ ਕਾਲਜ ਵਿਚ ਹੋਏ ਸਮਾਗਮ 'ਚ ਸ਼ਮੂਲੀਅਤ ਕੀਤੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੇ ਪਰਿਵਾਰ ਨਾਲ ਸਮਾਗਮ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ। ਮਲਾਲਾ ਨੇ ਟਵੀਟ ਕੀਤਾ ਕਿ ਫਿਲਾਸਫੀ, ਪੋਲੀਟਿਕਸ ਤੇ ਇਕਨਾਮਿਕਸ 'ਚ ਡਿਗਰੀ ਪ੍ਰਰਾਪਤ ਕਰ ਕੇ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਮਲਾਲਾ ਵੱਲੋਂ ਪਾਈਆਂ ਦੋ ਤਸਵੀਰਾਂ ਵਿੱਚੋਂ ਇਕ ਵਿਚ ਉਹ ਆਪਣੇ ਪਰਿਵਾਰ ਤੇ ਕੇਕ ਨਾਲ ਨਜ਼ਰ ਆ ਰਹੀ ਹੈ ਜਿਸ 'ਤੇ ਲਿਖਿਆ ਹੈ, 'ਹੈਪੀ ਗਰੇਜੂਏਸ਼ਨ ਮਲਾਲਾ'। ਦੂਜੀ ਤਸਵੀਰ ਵਿਚ ਉਹ ਕੇਕ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕਰਦੀ ਨਜ਼ਰ ਆ ਰਹੀ ਹੈ। ਪੋਸਟ ਕੀਤੇ ਟਵੀਟ ਵਿਚ ਮਲਾਲਾ ਨੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਚਾਨਣਾ ਪਾਇਆ। ਮਲਾਲਾ ਨੇ ਲਿਖਿਆ ਕਿ ਮੈਂ ਆਪਣੇ ਭਵਿੱਖ ਬਾਰੇ ਨਹੀਂ ਜਾਣਦੀ ਪ੍ਰੰਤੂ ਇਸ 'ਚ ਨੈੱਟਫਲਿਕਸ, ਰੀਡਿੰਗ ਤੇ ਨੀਂਦ ਸ਼ਾਮਲ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ਦੀ ਸਵਾਤ ਘਾਟੀ ਦੀ ਰਹਿਣ ਵਾਲੀ ਮਲਾਲਾ ਨੂੰ ਦਸੰਬਰ 2012 ਵਿਚ ਅੱਤਵਾਦੀਆਂ ਨੇ ਉਦੋਂ ਸਿਰ 'ਚ ਗੋਲ਼ੀ ਮਾਰ ਦਿੱਤੀ ਸੀ ਜਦੋਂ ਉਹ ਉੱਤਰੀ-ਪੱਛਮੀ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਲੜਕੀਆਂ ਦੀ ਸਿੱਖਿਆ ਬਾਰੇ ਪ੍ਰਚਾਰ ਕਰ ਰਹੀ ਸੀ। ਗੰਭੀਰ ਰੂਪ ਵਿਚ ਜ਼ਖ਼ਮੀ ਹੋਣ 'ਤੇ ਉਸ ਨੂੰ ਪਹਿਲੇ ਪਾਕਿਸਤਾਨ ਦੇ ਵੱਖ-ਵੱਖ ਫ਼ੌਜੀ ਹਸਪਤਾਲਾਂ ਵਿਚ ਤਬਦੀਲ ਕੀਤਾ ਗਿਆ ਤੇ ਫਿਰ ਇਲਾਜ ਲਈ ਬਰਤਾਨੀਆ ਲਿਜਾਇਆ ਗਿਆ। ਇਸ ਹਮਲੇ ਪਿੱਛੋਂ ਤਾਲਿਬਾਨ ਅੱਤਵਾਦੀਆਂ ਨੇ ਫਿਰ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਜੇਕਰ ਮਲਾਲਾ ਬੱਚ ਗਈ ਤਾਂ ਉਹ ਫਿਰ ਉਸ 'ਤੇ ਹਮਲਾ ਕਰਨਗੇ।

ਸਿਰਫ਼ 17 ਸਾਲਾਂ ਦੀ ਉਮਰ ਵਿਚ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਵਾਲੀ ਉਹ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ ਸੀ। ਉਸ ਨੂੰ ਭਾਰਤ ਦੇ ਸਮਾਜਸੇਵੀ ਵਰਕਰ ਕੈਲਾਸ਼ ਸਤਿਆਰਥੀ ਨਾਲ ਇਹ ਪੁਰਸਕਾਰ ਦਿੱਤਾ ਗਿਆ ਸੀ।

ਪਾਕਿਸਤਾਨ 'ਚ ਨਾ ਪਰਤ ਸਕਣ 'ਤੇ ਮਲਾਲਾ ਨੇ ਬਰਤਾਨੀਆ ਵਿਚ ਮਲਾਲਾ ਫੰਡ ਕਾਇਮ ਕੀਤਾ ਜੋਕਿ ਪਾਕਿਸਤਾਨ, ਨਾਈਜੀਰੀਆ, ਜਾਰਡਨ, ਸੀਰੀਆ ਤੇ ਕੀਨੀਆ ਵਰਗੇ ਦੇਸ਼ਾਂ ਵਿਚ ਲੜਕੀਆਂ ਦੀ ਪੜ੍ਹਾਈ ਲਈ ਮਦਦ ਕਰ ਰਿਹਾ ਹੈ। ਤਾਲਿਬਾਨ ਜੋਕਿ ਕੁੜੀਆਂ ਦੀ ਪੜ੍ਹਾਈ ਦੇ ਖ਼ਿਲਾਫ਼ ਹੈ ਨੇ ਪਾਕਿਸਤਾਨ ਵਿਚ ਕੁੜੀਆਂ ਦੇ ਕਈ ਸਕੂਲ ਨਸ਼ਟ ਕਰ ਦਿੱਤੇ ਹਨ।