ਮਾਂਟਰੀਅਲ (ਏਐੱਫਪੀ) : ਕੈਨੇਡਾ ਦੇ ਜ਼ਿਆਦਾਤਰ ਲੋਕ ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਨੂੰ ਸਰਕਾਰੀ ਖ਼ਰਚ 'ਤੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਪੱਖ ਵਿਚ ਨਹੀਂ ਹਨ। ਇਹ ਜੋੜਾ ਅਧਿਕਾਰਤ ਤੌਰ 'ਤੇ ਸ਼ਾਹੀ ਪਰਿਵਾਰ ਤੋਂ ਅਲੱਗ ਹੋ ਚੁੱਕਾ ਹੈ। ਉਨ੍ਹਾਂ ਅੱਠ ਜਨਵਰੀ ਨੂੰ ਇਹ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਸ਼ਾਹੀ ਜ਼ਿੰਮੇਵਾਰੀਆਂ ਛੱਡ ਕੇ ਆਰਥਿਕ ਰੂਪ ਤੋਂ ਸੁਤੰਤਰ ਹੋਣਾ ਚਾਹੁੰਦੇ ਹਨ। ਇਸ ਪਿੱਛੋਂ ਦੋਵੇਂ ਕੈਨੇਡਾ ਚਲੇ ਆਏ ਅਤੇ ਵੈਨਕੂਵਰ ਟਾਪੂ ਦੇ ਵਿਕਟੋਰੀਆ ਵਿਚ ਇਕ ਆਲੀਸ਼ਾਨ ਘਰ ਨੂੰ ਆਪਣਾ ਟਿਕਾਣਾ ਬਣਾਇਆ ਹੈ।

ਸੀਟੀਵੀ ਲਈ ਕਰਵਾਏ ਗਏ ਇਕ ਸਰਵੇ ਅਨੁਸਾਰ 77 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਰਦਾਤਾਵਾਂ ਨੂੰ ਡਿਊਕ ਅਤੇ ਡਚਿਜ਼ ਆਫ ਸਸੈਕਸ ਦੀ ਉਪਾਧੀ ਰੱਖਣ ਵਾਲੇ ਹੈਰੀ ਅਤੇ ਮੇਘਨ ਦੀ ਸੁਰੱਖਿਆ ਲਈ ਭੁਗਤਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੈਨੇਡਾ 'ਚ ਬਿ੍ਟਿਸ਼ ਮਹਾਰਾਣੀ ਦੇ ਪ੍ਰਤੀਨਿਧੀ ਦੇ ਤੌਰ 'ਤੇ ਨਹੀਂ ਰਹਿ ਰਹੇ। ਕੈਨੇਡਾ ਵਿਚ ਸੰਸਦੀ ਰਾਜਸ਼ਾਹੀ ਵਿਵਸਥਾ ਹੈ ਅਤੇ ਬਿ੍ਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਸ਼ਾਸਨ ਦੀ ਮੁਖੀ ਹੈ। ਸਰਵੇ ਵਿਚ ਹਿੱਸਾ ਲੈਣ ਵਾਲੇ ਸਿਰਫ਼ 19 ਫ਼ੀਸਦੀ ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਖ਼ਰਚ 'ਤੇ ਸੁਰੱਖਿਆ ਦੇਣ ਦਾ ਵਿਰੋਧ ਨਹੀਂ ਕੀਤਾ।

ਹੈਰੀ ਅਤੇ ਮੇਘਨ ਨੂੰ ਸੁਰੱਖਿਆ ਦੇਣ 'ਤੇ ਉੱਠ ਰਹੇ ਸਵਾਲਾਂ 'ਤੇ ਕੈਨੇਡਾ ਦੀ ਸਰਕਾਰ ਵੱਲੋਂ ਅਜੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅਧਿਕਾਰੀਆਂ ਨੇ ਸਿਰਫ਼ ਇਹ ਸੰਕੇਤ ਦਿੱਤਾ ਹੈ ਕਿ ਇਸ ਮਸਲੇ 'ਤੇ ਚਰਚਾ ਚੱਲ ਰਹੀ ਹੈ। ਦੋ-ਤਿਹਾਈ ਕੈਨੇਡਾ ਦੇ ਨਾਗਰਿਕਾਂ ਦਾ ਇਹ ਹੀ ਮੰਨਣਾ ਹੈ ਕਿ ਸ਼ਾਹੀ ਜੋੜੇ ਅਤੇ ਉਨ੍ਹਾਂ ਦੇ ਅੱਠ ਮਹੀਨੇ ਦੇ ਬੱਚੇ ਆਰਚੀ ਦੀ ਨਿੱਜਤਾ ਦਾ ਸਨਮਾਨ ਬਿ੍ਟੇਨ ਨਾਲੋਂ ਕੈਨੇਡਾ ਵਿਚ ਜ਼ਿਆਦਾ ਬਿਹਤਰ ਹੋਵੇਗਾ।