ਲੰਡਨ (ਪੀਟੀਆਈ) : ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਮਾਈਕਲ ਮਾਰਟਿਨ ਨਾਲ ਇਤਿਹਾਸਕ ਗਠਜੋੜ ਸਮਝੌਤੇ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਮਾਰਟਿਨ ਦੀ ਤਾਜਪੋਸ਼ੀ ਦਾ ਰਾਹ ਸਾਫ਼ ਕਰਨ ਲਈ ਉਨ੍ਹਾਂ ਅਸਤੀਫ਼ਾ ਦਿੱਤਾ ਹੈ। ਨਵੀਂ ਸਰਕਾਰ 'ਚ ਉਹ ਉਪ ਪ੍ਰਧਾਨ ਮੰਤਰੀ ਹੋਣਗੇ। ਹਾਲਾਂਕਿ, ਗਠਜੋੜ ਸਮਝੌਤੇ ਤਹਿਤ ਉਹ ਦੋ ਸਾਲ ਬਾਅਦ ਫਿਰ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਵਾਪਸ ਆ ਜਾਣਗੇ।

ਆਇਰਲੈਂਡ 'ਚ ਪ੍ਰਧਾਨ ਮੰਤਰੀ ਦਫ਼ਤਰ 'ਤੇ ਮੁੱਖ ਰੂਪ ਨਾਲ ਦੋ ਮੱਧ ਮਾਰਗੀ ਪਾਰਟੀਆਂ ਵਰਾਡਕਰ ਦੇ ਫਾਈਨ ਗੇਲ ਅਤੇ ਮਾਰਟਿਨ ਦੇ ਫਿਆਨਾ ਫੇਲ ਦਾ ਕਬਜ਼ਾ ਰਹਿੰਦਾ ਹੈ। ਇਸ ਹਫ਼ਤੇ ਗ੍ਰੀਨ ਪਾਰਟੀ ਨਾਲ ਸੱਤਾ-ਭਾਈਵਾਲੀ ਸਮਝੌਤੇ ਨੂੰ ਪੂਰਾ ਕਰਨ ਲਈ ਉਹ ਮਹੱਤਵਪੂਰਨ ਵਾਤਾਵਰਨ ਟੀਚਿਆਂ 'ਤੇ ਸਹਿਮਤ ਹੋਏ ਸਨ। ਮਾਰਟਿਨ ਦੇ ਦਸੰਬਰ 2022 ਤਕ ਆਇਰਲੈਂਡ ਦੀ ਅਗਵਾਈ ਕਰਨ ਦੀ ਉਮੀਦ ਹੈ। ਇਸ ਤੋਂ ਬਾਅਦ ਵਰਾਡਕਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਸੱਤਾ ਸੰਭਾਲਣਗੇ।