ਲੰਡਨ (ਪੀਟੀਆਈ) : ਬਰਤਾਨੀਆ ਦੇ ਪੀਐੱਮ ਅਹੁਦੇ ਦੀ ਦੌੜ ’ਚ ਪਹਿਲੇ ਪੜਾਅ ਦੇ ਮਤਦਾਨ ਦੇ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ 88 ਵੋਟਾਂ ਨਾਲ ਸਿਖ਼ਰ ’ਤੇ ਹਨ। ਸੁਨਕ ਤੋਂ ਇਲਾਵਾ ਪੈਨੀ ਮੋਰਡੈਂਟ ਸਮੇਤ ਪੰਜ ਹੋਰ ਦਾਅਵੇਦਾਰ ਪ੍ਰਧਾਨ ਮੰਤਰੀ ਦੀ ਦੌੜ ’ਚ ਹਨ। ਇਸ ਦੌਰਾਨ ਸੁਨਕ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ, ਮੈਂ ਕਰਾਂ ’ਚ ਕਟੌਤੀ ਚੋਣ ਜਿੱਤਣ ਲਈ ਨਹੀਂ, ਬਲਕਿ ਕਰਾਂ ’ਚ ਕਟੌਤੀ ਕਰਨ ਲਈ ਚੋਣ ਜਿੱਤਾਂਗਾ। ਬਰਤਾਨੀਆ ਦਾ ਨਵਾਂ ਪ੍ਰਧਾਨ ਮੰਤਰੀ ਹਾਕਮ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਬੋਰਿਸ ਜੌਨਸਨ ਦੀ ਥਾਂ ਲਵੇਗਾ। ਸੁਨਕ ਦੇ ਇਲਾਵਾ ਪ੍ਰਧਾਨ ਮੰਤਰੀ ਦੀ ਦੌੜ ’ਚ ਵਿਦੇਸ਼ ਮੰਤਰੀ ਲਿਜ਼ ਟਰੱਸ, ਵਣਜ ਮੰਤਰੀ ਪੈਨੀ ਮੋਰਡੈਂਟ, ਸਾਬਕਾ ਕੈਬਨਿਟ ਮੰਤਰੀ ਕੇਮੀ ਬਾਦੇਨੋਕ, ਸੰਸਦ ਮੈਂਬਰ ਟੌਮ ਤੁਗੇਂਦਤ ਤੇ ਬਰਤਾਨਵੀ ਕੈਬਨਿਟ ’ਚ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਸ਼ਾਮਲ ਹਨ।

ਪਹਿਲੇ ਪੜਾਅ ਦੀ ਵੋਟਿੰਗ ’ਚ ਪੈਨੀ ਨੂੰ 67, ਲਿਜ਼ ਨੂੰ 50, ਕੇਮੀ ਨੂੰ 40, ਟੌਮ ਤੁਗੇਂਦਤ ਨੂੰ 37 ਤੇ ਸੁਏਲਾ ਬ੍ਰੇਵਰਮੈਨ ਨੂੰ 32 ਵੋਟਾਂ ਮਿਲੀਆਂ ਹਨ। ਉੱਥੇ ਵਿੱਤ ਮੰਤਰੀ ਨਦੀਮ ਜਹਾਵੀ 25 ਤੇ ਜੇਰੇਮੀ ਹੰਟ ਸਿਰਫ਼ 18 ਵੋਟਾਂ ਮਿਲਣ ਨਾਲ ਦੌੜ ਤੋਂ ਬਾਹਰ ਹੋ ਗਏ। ਦੌੜ ’ਚ ਬਣੇ ਰਹਿਣ ਲਈ 30 ਵੋਟਾਂ ਲੈਣੀਆਂ ਜ਼ਰੂਰੀ ਸਨ। ਹੁਣ ਹੰਟ ਨੇ ਸੁਨਕ ਨੂੰ ਸਮਰਥਨ ਦੇ ਦਿੱਤਾ ਹੈ। ਦੂਜੇ ਦੌਰ ’ਚ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ 358 ਮੈਂਬਰ ਮਤਦਾਨ ’ਚ ਹਿੱਸਾ ਲੈ ਰਹੇ ਹਨ। ਇਸ ਦੇ ਬਾਅਦ ਆਖ਼ਰੀ ਦੋ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਪੰਜ ਸਤੰਬਰ ਨੂੰ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕੀਤਾ ਜਾਵੇਗਾ।

ਮੈਂ ਜ਼ਿੰਮੇਵਾਰ ਵਿਅਕਤੀ, ਸੰਸਦ ’ਚ ਕਰਾਂਗਾ ਐਲਾਨ

42 ਸਾਲਾ ਸੁਨਕ ਨੂੰ ਬੀਬੀਸੀ ਨੇ ਹੋਰ ਉਮੀਦਵਾਰਾਂ ਵਿਚਾਲੇ ਚਰਚਾ ਦਾ ਕੇਂਦਰ ਬਣੇ ਕਰਾਂ ’ਚ ਕਟੌਤੀ ਨੂੰ ਲੈ ਕੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਇਕ ਜ਼ਿੰਮੇਵਾਰ ਵਿਅਕਤੀ ਹਾਂ, ਮੈਂ ਕਰ ਕਟੌਤੀ ਦਾ ਐਲਾਨ ਸੰਸਦ ’ਚ ਕਰਾਂਗਾ। ਉਹ ਲੋਕ ਸਿਰਫ਼ ਚੋਣ ਜਿੱਤਣ ਲਈ ਕਰ ਕਟੌਤੀ ਦੀ ਗੱਲ ਕਰ ਰਹੇ ਹਨ। ਰਾਇਟਰ ਦੇ ਮੁਤਾਬਕ, ਸੁਨਕ ਨੇ ਇਸ ਦੇ ਨਾਲ ਹੀ ਕਿਹਾ ਕਿ ਕਰਾਂ ’ਚ ਕਟੌਤੀ ਤੋਂ ਵੱਡਾ ਮੁੱਦਾ ਮਹਿੰਗਾਈ ’ਤੇ ਕੰਟਰੋਲ ਹੈ। ਉਨ੍ਹਾਂ ਕਿਹਾ ਕਿ ਮੈਂ ਸਕਾਰਾਤਮਕ ਪ੍ਰਚਾਰ ਮੁਹਿੰਮ ਚਲਾ ਰਿਹਾ ਹਾਂ।

Posted By: Jaswinder Duhra