ਏਜੰਸੀ, ਲੰਡਨ : ਸਮਾਰਟਫੋਨ ਵੀ ਕਿਸੇ ਨਸ਼ੇ ਵਾਂਗ ਹੈ, ਜਿਸ ਦੀ ਲਤ ਲੋਕਾਂ ਨੂੰ ਆਪਣੀ ਪਕੜ ਵਿਚ ਲੈਂਦੀ ਜਾ ਰਹੀ ਹੈ। ਕਿੰਗਜ਼ ਕਾਲਜ ਲੰਡਨ ਦੇ ਖੋਜਾਰਥੀਆਂ ਨੇ ਦੱਸਿਆ ਕਿ ਹਰ ਚਾਰ ਬੱਚਿਆਂ ਵਿਚੋਂ ਇਕ ਬੱਚੇ ਨੂੰ ਭਾਵ ਲਗਪਗ 25 ਫੀਸਦ ਬੱਚਿਆਂ ਨੂੰ ਸਮਾਰਟਫੋਨ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵੱਲੋਂ ਕੀਤੇ ਅਧਿਐਨ ਦੀ ਰਿਪੋਰਟ ਬੀਐਮਸੀ ਸਾਇਕ੍ਰੈਟਰੀ ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਸਾਲ 2011 ਤੋਂ ਬਾਅਦ ਪ੍ਰਕਾਸ਼ਿਤ ਹੋਏ 41 ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਵਿਚ ਸਮਾਰਟਫੋਨ ਦੀ ਵਰਤੋਂ ਦਾ ਮਾਨਸਿਕ ਸਿਹਤ 'ਤੇ ਅਸਰ ਦੇਖਿਆ ਗਿਆ।

ਖੋਜ ਵਿਚ ਕਿਹਾ ਗਿਆ ਹੈ 10 ਫੀਸਦ ਤੋਂ 30 ਫੀਸਦ ਤਕ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ 'ਪ੍ਰਾਬਲਮੇਟਿਕ ਸਮਾਰਟਫੋਨ ਯੂਸੇਜ ਦੇ ਲੱਛਣ ਦਿਖ ਰਹੇ ਸਨ। ਉਨ੍ਹਾਂ ਨੇ ਸਮਾਰਟਫੋਨ ਨਾਲ ਸਬੰਧਿਤ ਵਿਵਹਾਰਕ ਪਰੇਸ਼ਾਲੀ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜੋ ਕਿ ਕਿਸੇ ਲਤ ਵਾਂਗ ਹੈ। ਫੋਨ ਦੇ ਨਾ ਮਿਲਣ 'ਤੇ ਘਬਰਾਹਟ ਹੋਣਾ ਜਾਂ ਹੋਰ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਧਿਐਨ ਵਿਚ ਖੋਜਾਰਥੀਆਂ ਨੇ ਸਿੱਟਾ ਕੱਢਿਆ ਹੈ ਕਿ ਪੀਐੱਸਯੂ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਮੁੱਦੇ ਜਿਵੇਂ ਚਿੰਤਾ, ਘਬਰਾਹਟ, ਤਣਾਅ, ਨੀਂਦ ਵਿਚ ਕਮੀ, ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ।

ਹੁਣ ਵੇਲਾ ਆ ਗਿਆ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਾਰਟਫੋਨ ਦੀ ਵਰਤੋਂ ਨੂੰ ਲੈ ਕੇ ਜਨਤਕ ਰੂਪ ਵਿਚ ਜਾਗਰੂਕ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਮਾਤਾ ਪਿਤਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਫੋਨ 'ਤੇ ਕਿੰਨਾ ਸਮਾਂ ਬਤੀਤ ਕੀਤਾ ਹੈ। ਜ਼ਿਕਰਯੋਗ ਹੈ ਕਿ 41 ਅਧਿਐਨਾਂ ਵਿਚ ਏਸ਼ੀਆ ਵਿਚੋਂ 30, ਯੂਰਪ ਵਿਚੋਂ 9 ਅਤੇ ਅਮਰੀਕਾ ਦੇ ਦੋ ਅਧਿਐਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਭਾਗੀਦਾਰਾਂ ਵਿਚੋਂ 55 ਫੀਸਦ ਔਰਤਾਂ ਸਨ ਅਤੇ 17 ਤੋਂ 19 ਸਾਲ ਦੀ ਉਮਰ ਦੀਆਂ ਲੜਕੀਆਂ ਦੇ ਪੀਐੱਸਯੂ ਤੋਂ ਪੀੜਤ ਹੋਣ ਦਾ ਸ਼ੱਕ ਸਭ ਤੋਂ ਜ਼ਿਆਦਾ ਸੀ।

Posted By: Tejinder Thind