ਲੰਡਨ: ਪਾਕਿਸਤਾਨੀ ਪ੍ਰਦਰਸ਼ਨਕਾਰੀਆਂ ਨੇ ਇਕ ਵਾਰ ਮੁੜ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ। ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਬਰਤਾਨਵੀ ਪਾਕਿਸਤਾਨੀਆਂ ਵੱਲੋਂ ਕੀਤੇ ਗਏ ਕਸ਼ਮੀਰ ਪ੍ਰਦਰਸ਼ਨ ਦੌਰਾਨ ਹੋਈ ਝੜਪ 'ਚ ਦੋ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਰਾਤ ’ਤੇ ਅੰਡੇ, ਟਮਾਟਰ, ਪੱਥਰ, ਸਮੋਗ ਬੰਬ ਤੇ ਬੋਤਲਾਂ ਸੁੱਟੀਆਂ। ਹਮਲੇ ’ਚ ਇਮਾਰਤ ਦੇ ਸ਼ੀਸ਼ੇ ਟੁੱਟ ਗਏ। ਲੰਡਨ ’ਚ ਅਜਿਹਾ ਦੂਸਰੀ ਵਾਰ ਹੋ ਰਿਹਾ ਹੈ। ਇਸ ਤੋਂ ਪਹਿਲਾਂ 15 ਅਗਸਤ ਨੂੰ ਕਮਿਸ਼ਨ ’ਚ ਸੁਤੰਤਰਤਾ ਦਿਵਸ ਮਨਾ ਰਹੇ ਭਾਰਤੀਆਂ ’ਤੇ ਹਮਲਾ ਕੀਤਾ ਗਿਆ ਸੀ।

ਭਾਰਤੀ ਹਾਈ ਕਮਿਸ਼ਨ ਨੇ ਬਿਲਡਿੰਗ ’ਤੇ ਹੋਏ ਹਮਲੇ ਦੀ ਤਸਵੀਰ ਟਵੀਟ ਕਰ ਕੇ ਇਸ ਦੀ ਸ਼ਿਕਾਇਤ ਕੀਤੀ ਹੈ। ਭਾਰਤੀ ਅਧਿਕਾਰੀਆਂ ਨੇ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੂੰ ਵੀ ਇਸ ਘਟਨਾ ਦੀ ਸ਼ਿਕਾਇਤ ਕਰ ਕੇ ਪ੍ਰਦਰਸ਼ਨਕਾਰੀਆਂ ’ਤੇ ਕਾਰਵਾਈ ਕਰਨ ਨੂੰ ਕਿਹਾ ਹੈ। ਪਾਕਿਸਤਾਨੀ ਮੂਲ ਦੇ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਇਸ ਘਟਨਾ ਦੀ ਆਲੋਚਨਾ ਕੀਤੀ ਹੈ। ਖ਼ਾਨ ਨੇ ਇਕ ਟਵੀਟ ’ਚ ਲਿਖਿਆ, ‘ਮੈਂ ਪੂਰੀ ਤਰ੍ਹਾਂ ਇਸ ਅਸ ਵੀ ਕਾਰਯੋਗ ਵਿਵਹਾਰ ਦੀ ਨਿੰਦਾ ਕਰਦਾ ਹਾਂ।’

ਦੱਸ ਦੇਈਏ ਕਿ ਹਜ਼ਾਰਾਂ ਦੀ ਗਿਣਤੀ ’ਚ ਪਾਕਿਸਤਾਨੀ ਮੂਲ ਦੇ ਬਰਤਾਨਵੀ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ ਵੱਲ ਰੋਸ ਮਰਾਚ ਕੀਤਾ। ਉਹ ਕਸ਼ਮੀਰ ਦੀ ਆਜ਼ਾਦੀ ਲਈ ਨਾਅਰੇ ਲਗਾ ਰਹੇ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 21ਵੀਂ ਸਦੀ ਦਾ ਹਿਟਲਰ ਤੇ ਅੱਤਵਾਦੀ ਕਰਾਰ ਦੇ ਰਹੇ ਸਨ। ਬਰਤਾਨਵੀ ਪਾਕਿਸਤਾਨੀਆਂ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ‘ਕਸ਼ਮੀਰ ਫ੍ਰੀਡਮ ਮਾਰਚ’ ਦਾ ਨਾਂ ਦਿੱਤਾ ਸੀ।

ਇਸ ਰੈਲੀ ਦੀ ਅਗਵਾਈ ਯੂਕੇ ਦੀ ਲੇਬਰ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੇ ਕੀਤੀ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ’ਚ ਮਕਬੂਜ਼ਾ ਕਸ਼ਮੀਰ (ਪੀਓਕੇ) ਦਾ ਝੰਡਾ ਤੇ ਤਖ਼ਤੀਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ-ਕਸ਼ਮੀਰ ’ਚ ਗੋਲ਼ੀਬਾਰੀ ਬੰਦ ਹੋਵੇ। ਪ੍ਰਦਰਸ਼ਨਕਾਰੀ ਆਂ ਵੱਲੋਂ ‘ਅਸੀਂ ਆਜ਼ਾਦੀ ਚਾਹੁੰਦੇ ਹਾਂ’ ਦੇ ਨਾਅਰੇ ਵੀ ਲਗਾਏ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਕਰੀਬ 10 ਹਜ਼ਾਰ ਸੀ।

Posted By: Akash Deep